ਨਵੀਂ ਦਿੱਲੀ: ਦਿੱਲੀ ਦੇ ਇੱਕ ਸਕੂਲ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਸ਼ਹਾਦਤ ਦੀ ਗੱਲ ਕਰਨ ਦੀ ਬਜਾਏ ਖ਼ਾਲਸਾ ਪੰਥ ਨੂੰ ਅੱਤਵਾਦੀ ਕਰਾਰ ਦੇਣ ਦਾ ਮਾਮਲਾ ਭਖਣ ਲੱਗ ਪਿਆ ਹੈ। ਦਿੱਲੀ ਸ਼੍ਰੋਮਣੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸਕੂਲ ਦੀ ਮਾਨਤਾ ਰੱਦ ਕਰਨ ਦੇ ਨਾਲ ਮਨੀਸ਼ ਸਿਸੋਦੀਆ ਸਣੇ ਦਿੱਲੀ ਪੁਲੀਸ ਨੂੰ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਮਨਜਿੰਦਰ ਸਿਰਸਾ ਨੇ ਟਵੀਟ ਕਰਕੇ ਸੇਂਟ ਗਰੀਗੋਰੀਅਨ ਸਕੂਲ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉੱਥੇ ਹੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਿੱਖਾਂ ਦੇ ਪ੍ਰਤੀ ਅਜਿਹੀ ਸਾਜ਼ਿਸ਼ਾਂ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਤੇ CBSE ਦੇ ਸਕੂਲ ਵਿੱਚ ਸੱਤਵੀਂ ਜਮਾਤ ਦੇ ਬੱਚਿਆਂ ਦਾ ਪੇਪਰ ਬਣਾਉਣ ਵਾਲੇ ਤੇ ਉਸ ਅਧਿਆਪਕ ਜਾਂ ਮੈਨੇਜਮੈਂਟ ਦੇ ਖ਼ਿਲਾਫ਼ ਵੀ ਪਰਚਾ ਦਰਜ ਕਰਕੇ ਕਾਰਵਾਈ ਕਰਨੀ ਚਾਹੀਦੀ ਹੈ।
ਉੱਥੇ ਹੀ ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਖ਼ਾਲਸਾ ਦੀ ਸਿਰਜਣਾ ਬਾਰੇ ਇਹ ਗ਼ਲਤ ਸਵਾਲ ਪੁੱਛਣਾ ਬੇਅਦਬੀ ਹੈ, ਤੇ ਉਸ ਅਧਿਆਪਕ ਜਾਂ ਮੈਨੇਜਮੈਂਟ ਦੇ ਖ਼ਿਲਾਫ਼ ਪਰਚਾ ਦਰਜ ਕਰ ਕਾਰਵਾਈ ਕਰਨੀ ਚਾਹੀਦੀ ਹੈ। ਇਸ ਬਾਰੇ ਉਹ ਵੀ ਦਿੱਲੀ ਵਿੱਚ ਸਰਕਾਰ ਨੂੰ ਕਹਿਣਗੇ ਤੇ ਇਹ ਵੀ ਚੈੱਕ ਕਰਾਵੇਗਾ ਕਿ ਉਹ ਐਮਸੀਡੀ ਦੇ ਅੰਦਰ ਆਉਂਦਾ ਹੈ, ਜਾਂ ਦਿੱਲੀ ਸਰਕਾਰ ਦੇ।