ਨਵੀਂ ਦਿੱਲੀ: ਬੁੱਧਵਾਰ ਸਵੇਰੇ 2.21 ਵਜੇ ਚੰਦਰਯਾਨ-2 ਨੇ ਧਰਤੀ ਨੂੰ ਅਲਵਿਦਾ ਕਹਿ ਅਤੇ ਚੰਦ ਦੇ ਸਿੱਧੇ ਰਸਤੇ ਵਿੱਚ ਦਾਖ਼ਲ ਹੋਣ ਲਈ ਗ੍ਰਹਿ ਦਾ ਚੱਕਰ ਛੱਡ ਦਿੱਤਾ। ਇੰਡੀਅਨ ਸਪੇਸ ਰਿਸਰਚ ਆਰਗਨਾਈਜ਼ੇਸ਼ਨ (ਇਸਰੋ) ਨੇ 'ਟ੍ਰਾਂਸ ਲੂਨਰ ਇੰਜੈਕਸ਼ਨ (ਟੀ.ਐੱਲ.ਆਈ.) ਦਾ ਸਫ਼ਲਤਾਪੂਰਵਕ ਸੰਚਾਲਨ ਕੀਤਾ। ਧਰਤੀ ਦੇ ਅੰਡਾਕਾਰ ਚੱਕਰ ਵਿੱਚ 22 ਦਿਨ ਬਿਤਾਉਣ ਮਗਰੋਂ ਟੀ.ਐਲ.ਆਈ. ਚਾਲ ਦੌਰਾਨ, ਪੁਲਾੜ ਦੇ ਤਰਲ ਇੰਜਨ ਨੂੰ ਲਗਭਗ 1,203 ਸੈਕਿੰਡ ਲਈ ਤਪਾਇਆ ਗਿਆ ਤਾਂ ਜੋ ਇਸ ਨੂੰ ਚੰਦ ਦੇ ਰਸਤੇ ਵਿੱਚ ਦਾਖ਼ਲ ਕੀਤਾ ਜਾ ਸਕੇ।
ਚੰਦ ਦੀ ਯਾਤਰਾ ਬਾਰੇ ਦੱਸਦੇ ਹੋਏ ਇਸਰੋ ਦੇ ਚੇਅਰਮੈਨ ਕੇ. ਸਿਵਾਨ ਨੇ ਦੱਸਿਆ 20 ਅਗਸਤ ਨੂੰ ਚੰਦ 'ਤੇ ਪਹੁੰਚਣ ਲਈ ਚੰਦਰਯਾਨ-2 ਚੰਦ ਦੀ ਯਾਤਰਾ ਲਈ 6 ਦਿਨ ਲਵੇਗਾ। ਧਰਤੀ ਤੋਂ ਚੰਦ ਤੱਕ ਦੀ ਕੁੱਲ ਦੂਰੀ 3.84 ਲੱਖ ਕਿਲੋਮੀਟਰ ਹੈ। ਜੇਕਰ ਚੰਦਰਯਾਨ -2 ਦੀ ਟੀਮ, ਪ੍ਰੋਜੈਕਟ ਡਾਇਰੈਕਟਰ ਐਮ. ਵਨੀਤਾ ਅਤੇ ਮਿਸ਼ਨ ਡਾਇਰੈਕਟਰ ਰੀਤੂ ਕਰੀਧਲ ਦੀ ਅਗਵਾਈ ਵਿੱਚ 7 ਸਤੰਬਰ ਦੁਪਹਿਰ ਵੇਲੇ ਸਫਲਤਾਪੂਰਵਕ ਚੰਦ 'ਤੇ ਲੈਂਡ ਕਰ ਗਈ ਤਾਂ ਭਾਰਤ ਚੰਦ 'ਤੇ ਆਪਣਾ ਪੁਲਾੜ ਯਾਨ ਉਤਾਰਨ ਵਾਲਾ ਦੁਨੀਆਂ ਦਾ ਚੌਥਾ ਦੇਸ਼ ਦੇਸ਼ ਬਣ ਜਾਵੇਗਾ।
ਲੈਂਡਰ ਵਿਕਰਮ ਅਤੇ ਪ੍ਰਗਿਆਨ 14 ਦਿਨ ਲਈ ਚੰਦ 'ਤੇ ਰਹਿਣਗੇ, ਜਦ ਕਿ ਆਰਬਿਟਰ ਚੰਦ ਦੁਆਲੇ ਇੱਕ ਸਾਲ ਲਈ ਚੱਕਰ ਲਗਾਉਂਦਾ ਰਹੇਗਾ ਜਿਸ ਦੌਰਾਨ ਇਹ ਚੰਦ ਦਾ ਨਕਸ਼ਾ ਵੀ ਦੇਵੇਗਾ ਅਤੇ ਵੱਖ-ਵੱਖ ਖੇਤਰ ਦੀਆਂ ਤਸਵੀਰਾਂ ਲੈਕੇ ਪਾਣੀ ਅਤੇ ਨਵੇਂ ਵਿਗਿਆਨ ਦੀ ਖੋਜ ਕਰੇਗਾ।