ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਇਕ ਵਾਰ ਫਿਰ ਤੋਂ ਗੱਲਬਾਤ ਕਰਨ ਦਾ ਸੱਦਾ ਦਿੱਤਾ ਹੈ। ਭਾਜਪਾ ਦੇ ਆਗੂ ਹਰਜੀਤ ਗਰੇਵਾਲ ਨੇ ਦੱਸਿਆ ਕਿ ਮੁਤਾਬਕ ਕੇਂਦਰੀ ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ 14 ਅਕਤੂਬਰ ਨੂੰ ਸਵੇਰੇ 11.30 ਵਜੇ ਦਿੱਲੀ ਆ ਕੇ ਗੱਲਬਾਤ ਕਰਨ ਲਈ ਸੱਦਾ ਪੱਤਰ ਭੇਜੇ ਹਨ। ਪੱਤਰ ਭਾਵੇਂ ਖੇਤੀਬਾੜੀ ਸਕੱਤਰ ਵੱਲੋਂ ਭੇਜੇ ਗਏ ਹਨ ਪਰ ਗੱਲਬਾਤ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਹੀ ਕਰਨਗੇ।
ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ 8 ਅਕਤੂਬਰ ਨੂੰ ਗੱਲਬਾਤ ਦਾ ਸੱਦਾ ਦਿੱਤਾ ਸੀ ਜੋ ਕਿਸਾਨਾਂ ਨੇ ਰੱਦ ਕਰ ਦਿੱਤਾ ਸੀ ਤੇ ਕਿਹਾ ਸੀ ਕਿ ਗੱਲਬਾਤ ਸਿਰਫ ਪ੍ਰਧਾਨ ਮੰਤਰੀ ਨਾਲ ਹੀ ਕਰਨਗੇ। ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਦੀਆਂ 29 ਜਥੇਬੰਦੀਆਂ ਨੂੰ ਸੱਦਾ ਪੱਤਰ ਭੇਜਿਆ ਹੈ। ਇਨ੍ਹਾਂ ਵਿੱਚੋਂ 2 ਜਥੇਬੰਦੀਆਂ ਨੂੰ ਸੱਦਾ ਪੱਤਰ ਨਹੀਂ ਦਿੱਤਾ ਗਿਆ, ਜਿਨ੍ਹਾਂ ਵਿੱਚ ਲੱਖੋਵਾਲ ਯੂਨੀਅਨ ਸ਼ਾਮਲ ਹੈ।
ਜ਼ਿਕਰਯੋਗ ਹੈ ਕੇਂਦਰ ਵੱਲੋਂ ਕਿਸਾਨਾਂ ਨੂੰ 8 ਅਕਤੂਬਰ ਨੂੰ ਵੀ ਗੱਲਬਾਤ ਕਰਨ ਲਈ ਸੱਦਾ ਭੇਜਿਆ ਸੀ ਪਰ ਕਿਸਾਨਾਂ ਨੇ ਉਸ ਸੱਦੇ ਨੂੰ ਠੁਕਰਾ ਦਿੱਤਾ ਸੀ ਤੇ ਕਿਹਾ ਸੀ ਕਿ ਕੇਂਦਰ ਨੇ ਸਿਰਫ਼ ਪੰਜਾਬ ਦੇ ਕਿਸਾਨਾਂ ਨੂੰ ਹੀ ਸੱਦਾ ਭੇਜਿਆ ਹੈ ਤੇ ਸਰਕਾਰ ਸਾਡੇ ਵਿਚਕਾਰ ਫੁੱਟ ਪਵਾਉਣਾ ਚਾਹੁੰਦੀ ਹੈ। ਹੁਣ ਵੇਖਣ ਵਾਲੀ ਗੱਲ ਇਹ ਹੈ ਕੀ ਕਿਸਾਨ ਜਥੇਬੰਦੀਆਂ ਇਸ ਵਾਰ ਕੇਂਦਰ ਦੇ ਸੱਦੇ ਨੂੰ ਸਵੀਕਾਰ ਕਰਦੀਆਂ ਹਨ ਜਾਂ ਨਹੀਂ, ਇਹ ਤਾਂ ਆਉਣ ਵਾਲੇ ਦਿਨਾਂ ਵਿੱਚ ਹੀ ਪਤਾ ਲੱਗੇਗਾ।