ਨਵੀਂ ਦਿੱਲੀ: ਜੀਵੀਕੇ ਗਰੁੱਪ ਆਫ਼ ਕੰਪਨੀਜ਼ ਦੇ ਚੇਅਰਮੈਨ ਜੀ ਵੈਂਕਟਾ ਕ੍ਰਿਸ਼ਨਾ ਰੈਡੀ ਅਤੇ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਲਿਮਿਟਡ ਵਿਰੁੱਧ 805 ਕਰੋੜ ਰੁਪਏ ਦੀਆਂ ਬੇਨਿਯਮੀਆਂ ਲਈ ਮੁਕੱਦਮਾ ਦਰਜ ਕੀਤਾ ਗਿਆ ਹੈ। ਇਹ ਜਾਣਕਾਰੀ ਸੂਤਰਾਂ ਤੋਂ ਮਿਲੀ ਹੈ।
ਕੇਂਦਰੀ ਜਾਂਚ ਬਿਊਰੋ (ਸੀਬੀਆਈ) ਵੱਲੋਂ ਦਰਜ ਕੀਤੇ ਮਾਮਲੇ ਵਿੱਚ ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਅਤੇ 9 ਹੋਰ ਪ੍ਰਾਈਵੇਟ ਕੰਪਨੀਆਂ ਦਾ ਨਾਂਅ ਵੀ ਲਿਆ ਗਿਆ ਹੈ। ਇਸ ਉੱਤੇ ਸਾਲ 2018 ਦੇ ਵਿੱਚ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾਇਆ ਗਿਆ ਹੈ।
ਐਫਆਈਆਰ ਦੇ ਅਨੁਸਾਰ, ਮੁੰਬਈ ਇੰਟਰਨੈਸ਼ਨਲ ਏਅਰਪੋਰਟ ਲਿਮਿਟਡ ਜਾਂ ਐਮਆਈਐਲ ਨਾਂਅ ਦੀ ਇੱਕ ਸੰਯੁਕਤ ਉੱਦਮ ਕੰਪਨੀ ਜੀਵੀਕੇ ਏਅਰਪੋਰਟ ਹੋਲਡਿੰਗਜ਼ ਲਿਮਿਟਡ, ਏਅਰਪੋਰਟ ਅਥਾਰਟੀ ਇੰਡੀਆ ਅਤੇ ਕੁਝ ਹੋਰ ਵਿਦੇਸ਼ੀ ਸੰਸਥਾਵਾਂ ਦੁਆਰਾ ਬਣਾਈ ਗਈ ਸੀ। ਜੀਵੀਕੇ ਦੇ 50.5 ਫ਼ੀਸਦੀ ਸ਼ੇਅਰ ਹਨ ਅਤੇ 26 ਫ਼ੀਸਦੀ ਏਏਆਈ ਦੇ ਕੋਲ ਹਨ।
ਜਾਂਚ ਏਜੰਸੀ ਨੇ ਆਪਣੀ ਐਫਆਈਆਰ ਵਿਚ ਦੋਸ਼ ਲਾਇਆ ਹੈ ਕਿ ਮੁਲਜ਼ਮਾਂ ਨੇ 9 ਹੋਰ ਪ੍ਰਾਈਵੇਟ ਕੰਪਨੀਆਂ ਨਾਲ ਸਮਝੌਤੇ ਕਰਵਾ ਕੇ 310 ਕਰੋੜ ਰੁਪਏ ਗਬਨ ਕੀਤੇ ਹਨ। ਇਹ ਕਿਹਾ ਗਿਆ ਹੈ ਕਿ ਰੀਅਲ ਅਸਟੇਟ ਨੂੰ 2017-18 ਦੇ ਵਿਚਾਲੇ ਮੁੰਬਈ ਏਅਰਪੋਰਟ ਦੇ ਆਲੇ-ਦੁਆਲੇ ਦੇ 200 ਏਕੜ ਦੇ ਵਿਕਾਸ ਰਹਿਤ ਲੈਂਡ ਪਾਰਸਲ ਵਿਚ ਵਿਕਸਤ ਕੀਤਾ ਗਿਆ ਸੀ, ਏਜੰਸੀ ਨੇ ਇਸ 'ਤੇ ਸਵਾਲ ਚੁੱਕੇ ਹਨ।