ਨਵੀਂ ਦਿੱਲੀ: ਦਾਤੀ ਮਹਾਰਾਜ 'ਤੇ ਜਬਰ-ਜਨਾਹ ਦੇ ਕੇਸ ਤੋਂ ਬਾਅਦ ਕਰੋੜਾਂ ਦੀ ਧੋਖਾਧੜੀ ਅਤੇ ਠੱਗੀ ਦਾ ਦੋਸ਼ ਲੱਗਿਆ ਹੈ। ਇਸ ਸਬੰਧੀ ਕ੍ਰਾਈਮ ਬ੍ਰਾਂਚ ਨੂੰ ਕਈ ਲੋਕਾਂ ਨੇ ਸ਼ਿਕਾਇਤ ਵੀ ਦਰਜ ਕਰਵਾਈ ਸੀ ਅਤੇ ਇਹ ਮਾਮਲਾ ਹੁਣ ਆਰਥਿਕ ਅਪਰਾਧ ਸ਼ਾਖਾ ਨੂੰ ਟ੍ਰਾਂਸਫਰ ਹੋ ਗਿਆ ਹੈ।
7 ਮਈ ਨੂੰ ਦਾਤੀ ਮਹਾਰਾਜ ਅਤੇ ਉਸ ਦੇ ਸਾਥੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਮੁਤਾਬਕ ਲਗਭਗ 34 ਲੋਕਾਂ ਨੇ ਦਾਤੀ ਮਹਾਰਾਜ ਅਤੇ ਉਸ ਦੇ ਸਾਥੀਆਂ 'ਤੇ ਲਗਭਗ 150 ਕਰੋੜ ਦੀ ਠੱਗੀ ਦਾ ਦੋਸ਼ ਲਗਾਇਆ ਹੈ।
ਜਾਣਕਾਰੀ ਮੁਤਾਬਕ, ਜੋ ਮਾਮਲਾ ਦਰਜ ਕੀਤਾ ਗਿਆ ਹੈ ਉਹ ਤਿੰਨ ਕਰੋੜ ਦੀ ਠੱਗੀ ਦਾ ਹੈ ਅਤੇ ਮੰਗੋਲਪੁਰੀ ਦੇ ਸਕ੍ਰੈਪ ਵਪਾਰੀ ਪਵਨ ਕੁਮਾਰ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ। ਪਵਨ ਦਾ ਕਹਿਣਾ ਹੈ ਟੀਵੀ 'ਤੇ ਪ੍ਰੋਗਰਾਮ ਦੇਖਣ ਤੋਂ ਬਾਅਦ ਉਹ ਆਪਣੇ ਪੁੱਤਰ ਦੇ ਇਲਾਜ ਲਈ ਕਈ ਵਾਰ ਅਸੋਲਾ ਸ਼ਨੀਧਾਮ ਗਿਆ ਅਤੇ ਮਹਾਰਾਜ ਨੂੰ ਮਿਲਣ ਦੀ ਕੋਸ਼ਿਸ਼ ਕੀਤੀ। ਇਸੇ ਵਿਚਕਾਰ ਉਨ੍ਹਾਂ ਨੂੰ ਕਿਸੇ ਨੇ ਦਾਤੀ ਮਹਾਰਾਜ ਦੇ ਖ਼ਾਸ ਅਭਿਸ਼ੇਕ ਅਗਰਵਾਲ ਨੂੰ ਮਿਲਣ ਦੀ ਸਲਾਹ ਦਿੱਤੀ।
ਅਭਿਸ਼ੇਕ ਅਗਰਵਾਲ ਜ਼ਰੀਏ ਪਵਨ ਦਾਤੀ ਮਹਾਰਾਜ ਨੂੰ ਮਿਲਣ 'ਚ ਸਫ਼ਲ ਹੋਇਆ। ਦਾਤੀ ਮਹਾਰਾਜ ਨੇ ਉਸ ਦੇ ਪੁੱਤਰ ਨੂੰ ਆਯੂਰਵੈਦਿਕ ਦਵਾਈਆਂ ਦਿੱਤੀਆਂ ਜਿਸ ਤੋਂ ਬਾਅਦ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਕੁੱਝ ਸਮੇਂ ਬਾਅਦ ਅਭਿਸ਼ੇਕ ਅਤੇ ਉਸ ਦੇ ਕਰੀਬੀ ਨੇ ਪਵਨ ਕੋਲੋਂ ਤਿੰਨ ਕਰੋੜ ਰੁਪਏ ਉਧਾਰ ਮੰਗੇ ਅਤੇ ਉਸ ਨੇ ਦਾਤੀ ਮਹਾਰਾਜ ਦੀ ਗਰੰਟੀ 'ਤੇ ਉਸ ਨੂੰ ਪੈਸੇ ਦੇ ਦਿੱਤੇ।
ਮਹੀਨੇ ਬਾਅਦ ਜਦੋਂ ਪਵਨ ਨੇ ਆਪਣੀ ਰਕਮ ਵਾਪਸ ਮੰਗੀ ਤਾਂ ਉਹ ਬਹਾਨੇ ਬਣਾਉਣ ਲੱਗੇ। ਦੋਸ਼ ਹੈ ਕਿ ਦਾਤੀ ਮਹਾਰਾਜ ਨੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ।