ਨਵੀਂ ਦਿੱਲੀ: ਰਾਜਧਾਨੀ ਵਿੱਚ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਸਾਰੀਆਂ ਪਾਰਟੀਆਂ ਆਪਣੇ ਵੱਲੋਂ ਵੋਟਰਾਂ ਨੂੰ ਲੁਭਾਉਣ ਲਈ ਪੂਰਾ ਜ਼ੋਰ ਲਾ ਰਹੀਆਂ ਹਨ। ਇਸ ਤਹਿਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੇ ਕਾਲਕਾਜੀ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਸ਼ਿਵਾਨੀ ਚੋਪੜਾ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ।
ਜਾਣਕਾਰੀ ਲਈ ਦੱਸ ਦਈਏ ਕਿ ਸ਼ਿਵਾਨੀ ਚੋਪੜਾ ਕਾਲਕਾਜੀ ਇਲਾਕੇ ਤੋਂ ਕਾਂਗਰਸ ਦੀ ਉਮੀਦਵਾਰ ਹੈ ਅਤੇ ਉਹ ਦਿੱਲੀ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਭਾਸ਼ ਚੋਪੜਾ ਦੀ ਕੁੜੀ ਹੈ।
ਕੈਪਟਨ ਅਮਰਿੰਦਰ ਸਿੰਘ ਦਾ ਰੋਡ ਸ਼ੋਅ ਕਾਲਕਾਜੀ ਵਿੱਚ ਕਾਂਗਰਸ ਦੇ ਦਫ਼ਤਰ ਤੋਂ ਸ਼ੁਰੂ ਹੋ ਕੇ ਗੋਬਿੰਦਪੁਰੀ ਤੱਕ ਹੋਇਆ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਨੇ ਸ਼ਿਵਾਨੀ ਚੋਪੜਾ ਦੇ ਹੱਕ ਵਿੱਚ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਇਸ ਰੋਡ ਸ਼ੋਅ ਕਾਂਗਰਸ ਦੇ ਵਰਕਰਾਂ ਦਾ ਵੱਡਾ ਹਜ਼ੂਮ ਸੀ। ਰੋਡ ਸ਼ੋਅ ਵਿੱਚ ਆਏ ਕਾਂਗਰਸ ਦੇ ਵਰਕਰਾਂ ਵਿੱਚ ਕਾਫ਼ੀ ਜੋਸ਼ ਵੇਖਣ ਨੂੰ ਮਿਲਿਆ। ਵਰਕਰਾਂ ਦਾ ਕਹਿਣਾ ਹੈ ਕਿ ਇਸ ਵਾਰ ਕਾਲਕਾਜੀ ਇਲਾਕੇ ਤੋਂ ਸ਼ਿਵਾਨੀ ਚੋਪੜਾ ਨੂੰ ਜਿੱਤ ਨਸੀਬ ਹੋਵੇਗੀ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਿਵਾਨੀ ਚੋਪੜਾ ਦੇ ਹੱਕ ਵਿੱਚ ਚੋਣ ਪ੍ਰਚਾਰ ਤਾਂ ਕਰ ਦਿੱਤਾ ਹੈ ਪਰ ਇਹ ਰੋਡ ਸ਼ੋਅ ਕਿੰਨਾ ਕੁ ਕਾਬਲ ਸਾਬਤ ਹੋਇਆ ਹੈ ਇਸ ਲਈ ਤਾਂ 11 ਫ਼ਰਵਰੀ ਦਾ ਇੰਤਜ਼ਾਰ ਕਰਨਾ ਪਵੇਗਾ।