ਹਮੀਰਪੁਰ: ਜ਼ਿਲ੍ਹੇ ਵਿਚ ਇਕ 8 ਸਾਲਾ ਬੱਚੀ ਨੂੰ ਤੰਤਰ-ਮੰਤਰ ਦੇ ਚੱਕਰ ਵਿੱਚ ਸਾੜ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਬੱਚੀ ਨੂੰ ਸ਼ਹਿਰ ਦੇ ਮੌੜਾ ਕੋਤਵਾਲੀ ਖੇਤਰ ਤੋਂ ਅਗਵਾ ਕੀਤਾ ਗਿਆ ਸੀ।
ਇਸ ਤੋਂ ਬਾਅਦ ਸੜਕ ਕਿਨਾਰੇ ਉਸ ਦੀ ਲਾਸ਼ ਮਿਲੀ। ਸੂਚਨਾ ਮਿਲਣ 'ਤੇ ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਟਰੱਕ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ, ਜੋ ਬੱਚੀ ਦਾ ਕਾਤਲ ਹੈ। ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਹਮੀਰਪੁਰ ਵਿੱਚ ਸੜਕ ਕਿਨਾਰੇ ਰਹਿ ਰਹੇ ਲੋਹਾਰ ਪਰਿਵਾਰ ਦੀ ਅੱਠ ਸਾਲਾ ਬੱਚੀ ਵੀਰਵਾਰ ਦੀ ਰਾਤ ਨੂੰ ਲਾਪਤਾ ਹੋ ਗਈ। ਪਰਿਵਾਰਕ ਮੈਂਬਰਾਂ ਨੇ ਸ਼ੁੱਕਰਵਾਰ ਸਵੇਰੇ ਕੋਤਵਾਲੀ ਵਿਖੇ ਆਪਣੀ ਧੀ ਦੇ ਲਾਪਤਾ ਹੋਣ ਬਾਰੇ ਮਾਮਲਾ ਦਰਜ ਕਰਵਾਇਆ।
ਬੱਚੀ ਦੀ ਭਾਲ ਲਈ ਸੀਓ ਦੀ ਅਗਵਾਈ ਹੇਠ ਤਿੰਨ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਸੀ। ਸੀਓ ਸੌਮਿਆ ਪਾਂਡੇ ਨੇ ਸਵੇਰ ਤੋਂ ਹੀ ਸੀਸੀਟੀਵੀ ਫੁਟੇਜ ਨੂੰ ਖੰਘਾਲਣਾ ਸ਼ੁਰੂ ਕਰ ਦਿੱਤਾ। ਦੇਰ ਰਾਤ ਫੁਟੇਜ ਦੇ ਅਧਾਰ 'ਤੇ ਦੋਸ਼ੀ ਨੂੰ ਦਬੋਚ ਕੇ ਬੱਚੀ ਦੀ ਸੜੀ ਹੋਈ ਲਾਸ਼ ਬਰਾਮਦ ਕੀਤੀ ਗਈ।