ਸ੍ਰੀਨਗਰ: ਬਾਰਡਰ ਸਿਕਿਓਰਿਟੀ ਫੋਰਸ (ਬੀਐਸਐਫ) ਨੇ ਜੰਮੂ ਵਿੱਚ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਕੰਡਿਆਲੀ ਤਾਰ ਨੇੜੇ ਇੱਕ ਸੁਰੰਗ ਦਾ ਪਤਾ ਲਗਾਇਆ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਫੋਰਸ ਨੇ ਭਾਰਤ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਅੱਤਵਾਦੀ ਸਮੂਹਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ ਇਰਾਦਿਆਂ ਨੂੰ ਨਾਕਾਮ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਬੀਐਸਐਫ ਦੇ ਡਾਇਰੈਕਟਰ ਜਨਰਲ ਰਾਕੇਸ਼ ਅਸਥਾਨਾ ਨੇ ਸਰਹੱਦ ‘ਤੇ ਤਾਇਨਾਤ ਕਮਾਂਡਰਾਂ ਨੂੰ ਹਦਾਇਤ ਦਿੱਤੀ ਹੈ ਕਿ ਉਹ ਇਹ ਸੁਨਿਸ਼ਚਿਤ ਕਰਨ ਕਿ ਸਰਹੱਦ 'ਤੇ ਘੁਸਪੈਠ ਰੋਕਣ ਵਾਲੀ ਪ੍ਰਣਾਲੀ ਪ੍ਰਭਾਵਸ਼ਾਲੀ ਰਹੇ ਅਤੇ ਉਥੇ ਕੋਈ ਖਾਮੀਆਂ ਨਾ ਹੋਣ।
ਸਰਹੱਦ 'ਤੇ ਬਣੀ ਸੁਰੰਗ ਦਾ ਲੱਗਿਆ ਪਤਾ
ਨਿਯਮਤ ਗਸ਼ਤ ਦੌਰਾਨ ਜੰਮੂ ਦੇ ਸਾਂਬਾ ਸੈਕਟਰ ਦੇ ਬੀਐਸਐਫ ਜਵਾਨਾਂ ਨੂੰ ਉਸ ਵੇਲੇ ਸ਼ੱਕ ਹੋਇਆ ਜਦੋਂ ਉਨ੍ਹਾਂ ਨੇ ਮੀਂਹ ਤੋਂ ਬਾਅਦ ਕੁਝ ਥਾਵਾਂ 'ਤੇ ਮਿੱਟੀ ਧਸਦੀ ਹੋਈ ਵੇਖੀ। ਅਧਿਕਾਰੀਆਂ ਨੇ ਦੱਸਿਆ ਕਿ ਸੁਰੰਗ ਦਾ ਪਤਾ ਲਗਾਉਣ ਲਈ ਇੱਕ ਮਸ਼ੀਨ ਮੰਗਵਾਈ ਗਈ, ਜਿਸ ਤੋਂ ਬਾਅਦ ਸਰਹੱਦ ਪਾਰ ਦੀ ਸੁਰੰਗ ਦਾ ਪਤਾ ਲਗਾਇਆ ਗਿਆ ਜਿਸ ਦੀ ਵਰਤੋਂ ਸਰਹੱਦ ਪਾਰ ਕਰਕੇ ਅੱਤਵਾਦੀਆਂ ਅਤੇ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਭਾਰਤ ਵਿੱਚ ਤਸਕਰੀ ਲਈ ਕੀਤੀ ਜਾ ਸਕਦੀ ਸੀ।
ਲਗਭਗ 25 ਫੁੱਟ ਦੀ ਡੂੰਘਾਈ 'ਤੇ ਬਣਾਈ ਗਈ ਸੁਰੰਗ
ਅਧਿਕਾਰੀਆਂ ਨੇ ਦੱਸਿਆ ਕਿ ਇਹ ਸੁਰੰਗ ਜੰਮੂ ਦੇ ਸਾਂਬਾ ਸੈਕਟਰ ਦੇ ਗਲਾਰ ਖੇਤਰ ਵਿੱਚ ਅੰਤਰਰਾਸ਼ਟਰੀ ਸਰਹੱਦ 'ਤੇ ਕੰਡਿਆਲੀ ਤਾਰ ਦੇ ਨੇੜੇ ਭਾਰਤੀ ਖੇਤਰ ਵਿੱਚ ਹੈ ਅਤੇ ਇਸਦੇ ਵਿੱਚ ਪਾਕਿਸਤਾਨ ਵਿੱਚ ਬਣਾਈਆਂ ਗਈਆਂ 8-10 ਰੇਤ ਦੀਆਂ ਬੋਰੀਆਂ ਮਿਲੀਆਂ ਸਨ। ਪੂਰੀ ਜਾਂਚ ਤੋਂ ਪਤਾ ਲੱਗਿਆ ਕਿ ਇਹ ਸੁਰੰਗ ਲਗਭਗ 25 ਫੁੱਟ ਦੀ ਡੂੰਘਾਈ 'ਤੇ ਬਣਾਈ ਗਈ ਸੀ ਅਤੇ ਇਹ ਬੀਐਸਐਫ ਦੀ 'ਵ੍ਹੇਲਬੈਕ' ਬਾਰਡਰ ਚੌਕੀ ਨੇੜੇ ਖੁੱਲ੍ਹਦੀ ਹੈ।
ਸਿਰਫ਼ ਸਾਂਬਾ ਸੈਕਟਰ ਦੇ ਰਸਤੇ ਹੀ ਕੀਤੀ ਜਾ ਰਹੀ ਸੀ ਘੁਸਪੈਠ
ਇਹ ਵਰਣਨਯੋਗ ਹੈ ਕਿ ਸਾਂਬਾ ਸੈਕਟਰ ਅੱਤਵਾਦੀ ਅਤੇ ਡਰੱਗ ਮਾਫੀਆ ਵੱਲੋਂ ਅਕਸਰ ਭਾਰਤ ਵਿੱਚ ਘੁਸਪੈਠ ਕਰਨ ਲਈ ਵਰਤਿਆ ਜਾਂਦਾ ਹੈ। ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਵੱਲੋਂ ਦਾਇਰ ਚਾਰਜਸ਼ੀਟ ਵਿੱਚ ਇਸ ਹਫ਼ਤੇ ਦੇ ਸ਼ੁਰੂ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਜੈਸ਼-ਏ-ਮੁਹੰਮਦ ਦੇ ਮਾਸਟਰ ਮਸੂਦ ਅਜ਼ਹਰ ਦੇ ਭਤੀਜੇ ਮੁਹੰਮਦ ਉਮਰ ਫਾਰੂਕ ਨੇ ਵੀ ਸਾਂਬਾ ਸੈਕਟਰ ਵਿੱਚ ਘੁਸਪੈਠ ਕੀਤੀ ਸੀ। ਫ਼ਾਰੂਕ ਨੂੰ ਪਿਛਲੇ ਸਾਲ 14 ਫਰਵਰੀ ਨੂੰ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੇ ਕਾਫਲੇ ਉੱਤੇ ਹੋਏ ਹਮਲੇ ਦਾ ਮੁੱਖ ਸਾਜ਼ਿਸ਼ਕਰਤਾ ਵੀ ਮੰਨਿਆ ਜਾਂਦਾ ਹੈ। ਜਿਸ ਵਿੱਚ 40 ਸੈਨਿਕ ਸ਼ਹੀਦ ਹੋਏ ਸਨ।
ਸੁਰੰਗ ਤੋਂ ਮਿਲੀਆਂ ਸਨ ਬੋਰੀਆਂ
ਅਧਿਕਾਰੀਆਂ ਨੇ ਦੱਸਿਆ ਕਿ ਬੀਐਸਐਫ ਦੇ ਇੰਸਪੈਕਟਰ ਜਨਰਲ (ਜੰਮੂ ਖੇਤਰ) ਐਨਐਸ ਜਾਮਵਾਲ ਨੇ ਵੀ ਅਭਿਆਨ ਦਾ ਜਾਇਜ਼ਾ ਲਿਆ। ਸੁਰੰਗ ਦੀ ਐਂਟਰੀ 'ਤੇ ਰੇਤ ਦੀ ਹਰੇ ਰੰਗ ਦੀ 8-10 ਬੋਰੀਆਂ ਮਿਲੀਆਂ ਸਨ। ਜਿਨ੍ਹਾਂ' ਤੇ 'ਕਰਾਚੀ' ਅਤੇ 'ਸ਼ਕਰਗੜ੍ਹ' ਲਿਖਿਆ ਹੋਇਆ ਹੈ। ਉਨ੍ਹਾਂ 'ਤੇ ਦਰਜ ਕੀਤੀ ਗਈ ਉਸਾਰੀ ਦੀ ਮਿਤੀ ਅਤੇ ਆਖਰੀ ਤਰੀਕ ਇਹ ਦਰਸਾਉਂਦੀ ਹੈ ਕਿ ਉਨ੍ਹਾਂ ਨੂੰ ਹਾਲ ਹੀ ਵਿੱਚ ਬਣਾਇਆ ਗਿਆ ਹੈ।
ਪਾਕਿਸਤਾਨ ਦੀ 'ਡੂੰਘੀ ਸ਼ਮੂਲੀਅਤ' ਵੱਲ ਇਸ਼ਾਰਾ
ਉਨ੍ਹਾਂ ਨੇ ਦੱਸਿਆ ਕਿ ਸੁਰੰਗ ਤੋਂ ਪਾਕਿਸਤਾਨੀ ਸਰਹੱਦੀ ਚੌਕੀ 'ਗੁਲਜ਼ਾਰ' ਦੀ ਦੂਰੀ ਲਗਭੱਗ 700 ਮੀਟਰ ਹੈ। ਬੀਐਸਐਫ ਨੇ ਇਸ ਮੋਰਚੇ 'ਤੇ ਘੁਸਪੈਠ ਦੇ ਡਰ ਦੇ ਵਿਚਕਾਰ ਪਾਕਿਸਤਾਨ ਦੀ 'ਡੂੰਘੀ ਸ਼ਮੂਲੀਅਤ' ਵੱਲ ਇਸ਼ਾਰਾ ਕੀਤਾ।
ਅੱਤਵਾਦੀ ਯੋਜਨਾਵਾਂ ਨੂੰ ਕੀਤਾ ਨਾਕਾਮ
ਫੋਰਸ ਨੇ ਇੱਕ ਬਿਆਨ ਵਿੱਚ ਕਿਹਾ, “ਇਸ ਸੁਰੰਗ ਦੀ ਪਛਾਣ ਨਾਲ ਚੌਕਸ ਬੀਐਸਐਫ ਦੇ ਜਵਾਨਾਂ ਨੇ ਭਾਰਤੀ ਖੇਤਰ ਵਿੱਚ ਘੁਸਪੈਠ ਕਰਨ ਦੀ ਪਾਕਿਸਤਾਨੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਇਹ ਸੁਰੰਗ ਕੌਮਾਂਤਰੀ ਸਰਹੱਦ 'ਤੇ ਸਥਿਤ ਪਾਕਿਸਤਾਨੀ ਖੇਤਰ ਤੋਂ ਸ਼ੁਰੂ ਹੁੰਦੀ ਹੈ। ਫੋਰਸ ਦੀ ਜੰਮੂ ਫਰੰਟੀਅਰ ਸ਼ਾਖਾ ਨੇ ਕਿਹਾ ਕਿ 'ਅੱਤਵਾਦੀ ਯੋਜਨਾਵਾਂ ਜਿਹੜੀਆਂ ਇੱਕ ਵਾਰ ਫਿਰ ਪਾਕਿਸਤਾਨੀ ਸੰਸਥਾ ਨੂੰ ਸ਼ਾਮਲ ਕਰਦੀਆਂ ਹਨ ਨੂੰ ਸਾਡੀ ਘੁਸਪੈਠ ਰੋਕੂ ਬਹੁ-ਪੱਧਰੀ ਲੜੀ ਵਿੱਚ ਤਾਇਨਾਤ ਬੀਐਸਐਫ ਦੇ ਜਵਾਨਾਂ ਦੀ ਚੌਕਸੀ ਨੇ ਨਾਕਾਮ ਕਰ ਦਿੱਤਾ ਹੈ।
ਭਾਰਤੀ ਖੇਤਰ ਵਿੱਚ ਘੁਸਪੈਠ ਕਰਨ ਦਾ ਮਿਲਿਆ ਮੌਕਾ
ਬਿਆਨ ਵਿੱਚ ਕਿਹਾ ਗਿਆ ਕਿ ‘ਪਾਕਿਸਤਾਨ ਦੇ ਖੇਤਰ ਵਿੱਚ ਪੈਂਦੇ ਪਿੰਡਾਂ ਵਿੱਚ ਅੱਤਵਾਦੀਆਂ ਦੀ ਮੌਜੂਦਗੀ ਦੀ ਲਗਾਤਾਰ ਸੂਚਨਾ ਮਿਲ ਰਹੀ ਹੈ, ਜੋ ਭਾਰਤੀ ਖੇਤਰ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਜਾਗਰੂਕ ਬੀਐਸਐਫ ਦੇ ਜਵਾਨਾਂ ਨੇ ਦੇਸ਼ ਵਿਰੋਧੀ ਅਨਸਰਾਂ ਨੂੰ ਭਾਰਤ ਵਿੱਚ ਦਾਖਲ ਹੋਣ ਅਤੇ ਅੱਤਵਾਦੀ ਗਤੀਵਿਧੀਆਂ ਕਰਨ ਦੀਆਂ ਯੋਜਨਾਵਾਂ ਨੂੰ ਨਾਕਾਮ ਕਰ ਦਿੱਤਾ ਹੈ।
ਰੇਤ ਦੀਆਂ ਬੋਰੀਆਂ 'ਤੇ ਦਰਜ ਮਿਤੀ ਤੋਂ ਮਿਲੇ ਸੰਕੇਤ
ਜਾਮਵਾਲ ਨੇ ਕਿਹਾ ਕਿ ਸੁਰੰਗ ਨੂੰ ਵੇਖ ਕੇ ਮੈਂ ਕਹਿ ਸਕਦਾ ਹਾਂ ਕਿ ਇਸ ਵਿੱਚ ਪਾਕਿਸਤਾਨੀ ਸੰਸਥਾ ਦਾ ਹੱਥ ਹੈ ਅਤੇ ਇਹ ਇਸ ਦੀ ਜਾਣਕਾਰੀ ਨਾਲ ਬਣਾਈ ਗਈ ਸੀ। ਉਨ੍ਹਾਂ ਨੇ ਪੱਤਰਕਾਰਾਂ ਨੂੰ ਦੱਸਿਆ, ‘ਰੇਤ ਦੀਆਂ ਬੋਰੀਆਂ 'ਤੇ ਦਰਜ ਤਰੀਕ ਦਰਸਾਉਂਦੀ ਹੈ ਕਿ ਸੁਰੰਗ ਨੂੰ ਹਾਲ ਹੀ ਵਿੱਚ ਪੁੱਟਿਆ ਗਿਆ ਸੀ। ਅਸੀਂ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਾਂ।
'ਸੁਰੰਗ ਖੋਜ ਮੁਹਿੰਮ
ਵਰਣਨਯੋਗ ਹੈ ਕਿ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਪੰਜਾਬ ਵਿੱਚ 5 ਹਥਿਆਰਬੰਦ ਘੁਸਪੈਠੀਆਂ ਦੀ ਮੌਤ ਤੋਂ ਬਾਅਦ ਬੀਐਸਐਫ ਨੇ ਅੰਤਰਰਾਸ਼ਟਰੀ ਸਰਹੱਦ ‘ਤੇ ਇੱਕ ਵਿਸ਼ਾਲ ਸੁਰੰਗ ਖੋਜ ਅਭਿਆਨ ਚਲਾਇਆ ਹੈ।
ਅੰਤਰਰਾਸ਼ਟਰੀ ਸਰਹੱਦ 'ਤੇ ਘੁਸਪੈਠ ਕਰਨ ਦੀ ਕੋਸ਼ਿਸ਼
ਬੀਐਸਐਫ ਪਾਕਿਸਤਾਨ ਨਾਲ ਲੱਗਦੀ 3,300 ਕਿਲੋਮੀਟਰ ਲੰਮੀ ਕੌਮਾਂਤਰੀ ਸਰਹੱਦ ਦੀ ਸੁਰੱਖਿਆ ਲਈ ਜ਼ਿੰਮੇਵਾਰ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਸਰਹੱਦ ਨਾਲ ਲੱਗਦੇ ਜੰਮੂ, ਪੰਜਾਬ, ਰਾਜਸਥਾਨ ਅਤੇ ਗੁਜਰਾਤ 'ਤੇ ਵਧੇਰੇ ਚੌਕਸੀ ਵਰਤੀ ਜਾ ਰਹੀ ਹੈ, ਕਿਉਂਕਿ ਕਈ ਖੁਫ਼ੀਆ ਰਿਪੋਰਟਾਂ ਆਈਆਂ ਹਨ ਕਿ ਅੱਤਵਾਦੀ ਅੰਤਰਰਾਸ਼ਟਰੀ ਸਰਹੱਦ' ਤੇ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
3 ਤੋਂ 4 ਫੁੱਟ ਚੌੜੀ ਸੁਰੰਗ ਦਾ ਵਿਸ਼ਲੇਸ਼ਣ
ਉਨ੍ਹਾਂ ਦੱਸਿਆ ਕਿ ਫੋਰਸ ਨੇ ਪੂਰੇ ਖੇਤਰ ਵਿੱਚ ਇੱਕ ਅਭਿਆਨ ਚਲਾਇਆ ਹੈ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕਿਤੇ ਵੀ ਅਜਿਹੀਆਂ ਸੁਰੰਗਾਂ ਹਨ ਜਾਂ ਨਹੀਂ। ਇਸ ਦੇ ਨਾਲ ਹੀ ਇਸ ਤਿੰਨ ਤੋਂ ਚਾਰ ਫੁੱਟ ਚੌੜੀ ਸੁਰੰਗ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ, ਜੋ ਅੱਤਵਾਦੀਆਂ ਦੀ ਘੁਸਪੈਠ ਅਤੇ ਹਥਿਆਰ ਤੇ ਨਸ਼ਿਆਂ ਦੀ ਤਸਕਰੀ ਲਈ ਵਰਤੀ ਗਈ ਹੋਣ।