ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਜੋਤੀਰਾਦਿੱਤਿਆ ਸਿੰਧੀਆ, ਜਿਨ੍ਹਾਂ ਨੇ ਇਸ ਸਾਲ ਮਾਰਚ ਵਿੱਚ ਕਾਂਗਰਸ ਨੂੰ ਛੱਡ ਭਾਜਪਾ ਦਾ ਪੱਲਾ ਫੜਿਆ ਸੀ, ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ।
ਰਿਪੋਰਟਾਂ ਦੇ ਅਨੁਸਾਰ, ਬੁਖਾਰ ਅਤੇ ਗਲ਼ੇ ਦੇ ਦਰਦ ਸਮੇਤ ਹਲਕੇ ਕੋਵਿਡ-19 ਲੱਛਣ ਨਜ਼ਰ ਆਉਣ ਤੋਂ ਬਾਅਦ ਸਿੰਧੀਆ ਨੂੰ ਦੱਖਣੀ ਦਿੱਲੀ ਦੇ ਮੈਕਸ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।
ਸੂਤਰਾਂ ਦਾ ਦਾਅਵਾ ਹੈ ਕਿ ਜੋਤੀਰਾਦਿੱਤਿਆ ਸਿੰਧੀਆ ਤੋਂ ਇਲਾਵਾ ਉਨ੍ਹਾਂ ਦੀ ਮਾਂ ਮਾਧਵੀ ਰਾਜੇ ਸਿੰਧੀਆ, ਜਿਨ੍ਹਾਂ ਨੂੰ ਗਲ਼ੇ ਵਿੱਚ ਦਰਦ ਅਤੇ ਬੁਖਾਰ ਦੀ ਸ਼ਿਕਾਇਤ ਤੋਂ ਬਾਅਦ ਦਾਖ਼ਲ ਕੀਤਾ ਗਿਆ ਸੀ, ਵੀ ਕੋਰੋਨਾ ਸਕਰਾਤਮਕ ਪਾਏ ਗਏ ਹਨ।
ਸਿੰਧੀਆ, ਜੋ ਕਿ ਅਗਾਮੀ ਰਾਜ ਸਭਾ ਚੋਣਾਂ ਲਈ ਭਾਜਪਾ ਦੇ ਤਿੰਨ ਉਮੀਦਵਾਰਾਂ ਵਿਚੋਂ ਇੱਕ ਹਨ, ਦੀ ਦੇਖਭਾਲ ਤਿੰਨ ਡਾਕਟਰਾਂ ਦੀ ਟੀਮ ਕਰ ਰਹੀ ਹੈ।
ਦੱਸਣਯੋਗ ਹੈ ਕਿ ਸਿੰਧੀਆ ਨੇ 10 ਮਾਰਚ ਨੂੰ ਕਾਂਗਰਸ ਛੱਡ ਦਿੱਤੀ ਸੀ ਅਤੇ ਬਾਅਦ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਕਾਂਗਰਸ ਤੋਂ ਉਨ੍ਹਾਂ ਦੇ ਅਸਤੀਫ਼ੇ ਨੇ ਮੱਧ ਪ੍ਰਦੇਸ਼ ਪਾਰਟੀ ਇਕਾਈ ਵਿੱਚ ਬਗਾਵਤ ਸ਼ੁਰੂ ਕਰ ਦਿੱਤੀ ਸੀ ਅਤੇ ਸਿੰਧੀਆ ਤੋਂ ਬਾਅਦ ਉਨ੍ਹਾਂ ਦੇ ਭਰੋਸੇਯੋਗ 22 ਵਿਧਾਇਕਾਂ ਨੇ ਵੀ ਅਸਤੀਫ਼ਾ ਦੇ ਦਿੱਤਾ ਸੀ।
ਇਸ ਨਾਲ ਮੱਧ ਪ੍ਰਦੇਸ਼ ਵਿੱਚ ਕਮਲ ਨਾਥ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਢਹਿ-ਢੇਰੀ ਹੋ ਗਈ ਅਤੇ ਸੂਬੇ ਵਿੱਚ ਫਿਰ ਤੋਂ ਭਾਜਪਾ ਦੇ ਸੱਤਾ ਵਿੱਚ ਆਉਣ ਲਈ ਰਾਹ ਪੱਧਰਾ ਹੋ ਗਿਆ ਸੀ।