ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਨੇਤਾ ਸਵਾਮੀ ਚਿਨਮਯਾਨੰਦ ਨੂੰ ਲਾਅ ਕਾਲਜ ਦੀ ਵਿਦਿਆਰਥਣ ਨਾਲ਼ ਜਬਰ ਜਨਾਹ ਕਰਨ ਦੇ ਆਰੋਪ ਵਿੱਚ ਯੂਪੀ ਵਿਸ਼ੇਸ਼ ਜਾਂਚ ਟੀਮ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਬਾਅਦ ਅਦਾਲਤ ਨੇ ਚਿਨਮਯਾਨੰਦ ਨੂੰ 14 ਦਿਨਾਂ ਲਈ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਹੈ।
ਸ਼ੁੱਕਰਵਾਰ ਨੂੰ ਸਵੇਰੇ 8.50 ਵਜੇ ਉੱਤਰ ਪ੍ਰਦੇਸ਼ ਦੀ ਵਿਸ਼ੇਸ਼ ਜਾਂਚ ਟੀਮ ਨੇ ਚਿਨਮਯਾਨੰਦ ਨੂੰ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫ਼ਤਾਰੀ ਤੋਂ ਬਾਅਦ ਚਿਨਮਯਾਨੰਦ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਲਿਆਂਦਾ ਗਿਆ ਜਿਸ ਤੋਂ ਬਾਅਦ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ 14 ਦਿਨਾਂ ਲਈ ਜੇਲ੍ਹ ਭੇਜ ਦਿੱਤਾ।
ਜ਼ਿਕਰ ਕਰ ਦਈਏ ਕਿ ਲਾਅ ਕਾਲਜ ਦੀ ਵਿਦਿਆਰਥਣ ਨੇ 12 ਪੰਨਿਆਂ ਦੀ ਸ਼ਿਕਾਇਤ ਕੀਤੀ ਸੀ ਅਤੇ ਵਿਸ਼ੇਸ਼ ਜਾਂਚ ਟੀਮ ਨੂੰ ਦਿੱਤੇ ਗਏ ਬਿਆਨਾਂ ਵਿੱਚ ਕਈ ਖ਼ੁਲਾਸੇ ਕੀਤੇ ਸਨ। ਪੀੜਤਾ ਦਾ ਕਹਿਣਾ ਹੈ ਕਿ ਚਿਨਮਯਾਨੰਦ ਨੇ ਉਸ ਨੂੰ ਬਲੈਕਮੇਲ ਕਰ ਕੇ ਜਬਰ ਜਨਾਹ ਕੀਤਾ ਹੈ।
ਪੀੜਤਾ ਦਾ ਹੋਸਟਲ ਦੇ ਬਾਥਰੂਮ ਵਿੱਚ ਨਹਾਉਣ ਦਾ ਵੀਡੀਓ ਬਣਾਇਆ ਸੀ ਅਤੇ ਉਸ ਵੀਡੀਓ ਨੂੰ ਜਨਤਕ ਕਰਨ ਦੀ ਧਮਕੀ ਦੇ ਉਸ ਦਾ ਸਾਲ ਭਰ ਸ਼ੋਸ਼ਣ ਕਰਦਾ ਰਿਹਾ। ਇਸ ਦੇ ਨਾਲ਼ ਹੀ ਪੀੜਤਾ ਨੇ ਕਿਹਾ ਕਿ ਚਿਨਮਯਾਨੰਦ ਨੇ ਉਸ ਦਾ ਸਰੀਰਕ ਸ਼ੋਸ਼ਣ ਦਾ ਵੀਡੀਓ ਵੀ ਬਣਾਇਆ ਹੈ। ਉਸ ਨੇ ਕਈ ਵਾਰ ਬੰਦੂਖ ਦੇ ਦਮ ਉੱਤੇ ਵੀ ਉਸ ਦਾ ਜਬਰ ਜਨਾਹ ਕੀਤਾ ਹੈ।
ਪੀੜਤਾ ਨੇ ਕਿਹਾ ਕਿ ਉਸ ਨੇ ਚਿਨਮਯਾਨੰਦ ਦਾ ਇੱਕ ਵੀਡੀਓ ਵੀ ਬਣਾਇਆ ਹੈ। ਇਸ ਤੋਂ ਬਾਅਦ ਪੀੜਤਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਉੱਤੇ ਕਾਰਵਾਈ ਕਰਿਦਆਂ ਅਦਾਲਤ ਨੇ ਚਿਨਮਯਾਨੰਦ ਨੂੰ 14 ਦਿਨਾਂ ਲਈ ਜੇਲ੍ਹ ਵਿੱਚ ਭੇਜ ਦਿੱਤਾ ਹੈ।