ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ 2020 ਦੀ ਗਿਣਤੀ ਜਾਰੀ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਵੱਡੇ ਫ਼ਰਕ ਨਾਲ ਅੱਗੇ ਚੱਲ ਰਹੀ ਹੈ। ਜਿਸ ਨਾਲ ਸਾਫ਼ ਹੋ ਗਿਆ ਹੈ ਕਿ ਕੇਜਰੀਵਾਲ ਲਗਾਤਾਰ ਤੀਜੀ ਵਾਰ ਦਿੱਲੀ ਵਿੱਚ ਸਰਕਾਰ ਬਣਾਉਣ ਜਾ ਰਹੇ ਹਨ। ਉੱਥੇ ਹੀ ਦਿੱਲੀ ਭਾਜਪਾ ਇੰਚਾਰਜ ਸ਼ਾਮ ਜਾਜੂ ਆਪਣੀ ਪਾਰਟੀ ਦੀ ਤੁਲਨਾ ਕਾਂਗਰਸ ਪਾਰਟੀ ਨਾਲ ਕਰ ਕੇ ਖੁਦ ਨੂੰ ਤਸੱਲੀ ਦਿੰਦੇ ਹੋਏ ਨਜ਼ਰ ਆਏ।
ਦਿੱਲੀ ਵਿਖੇ ਭਾਜਪਾ ਦੇ ਇੰਚਾਰਜ ਸ਼ਾਮ ਜਾਜੂ ਨੇ ਆਈਏਐਨਐਸ ਨੂੰ ਕਿਹਾ, "ਅਸੀਂ ਭਾਜਪਾ ਦੇ ਪ੍ਰਦਰਸ਼ਨ ਦੀ ਸਮੀਖਿਆ ਕਰਾਂਗੇ, ਪਰ ਭਾਜਪਾ ਪਿਛਲੀ ਵਾਰ ਨਾਲੋਂ ਬਿਹਤਰ ਸਥਿਤੀ 'ਤੇ ਪਹੁੰਚੀ ਹੈ। ਪਿਛਲੀ ਵਾਰ ਤਿੰਨ ਸੀਟਾਂ ਸਨ ਤੇ ਇਸ ਵਾਰ ਉਸ ਤੋਂ ਵੱਧ ਆ ਰਹੀਆਂ ਹਨ।"
ਉਨ੍ਹਾਂ ਕਿਹਾ , "ਇਸ ਵਾਰ ਈਵੀਐਮ 'ਤੇ ਸਵਾਲ ਨਹੀਂ ਉੱਠਣਗੇ। ਆਮ ਆਦਮੀ ਪਾਰਟੀ ਭਾਜਪਾ ਦੇ ਬੁਰੇ ਹਾਲਾਤਾਂ ਦੀ ਗੱਲ ਕਰ ਰਹੀ ਹੈ, ਪਰ ਕਾਂਗਰਸ ਨੂੰ ਵੀ ਤਾਂ ਵੇਖੋ ਉਸ ਦਾ ਤਾਂ ਦਿੱਲੀ ਚੋਂ ਸਫਾਇਆ ਹੁੰਦਾ ਨਜ਼ਰ ਆ ਰਿਹਾ ਹੈ।"
ਜ਼ਿਕਰਯੋਗ ਹੈ ਕਿ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਭਾਜਪਾ ਆਗੂਆਂ ਨੂੰ ਪੂਰਾ ਯਕੀਨ ਸੀ ਕਿ ਪਾਰਟੀ ਦਿੱਲੀ ਵਿੱਚ ਸਰਕਾਰ ਬਣਾਵੇਗੀ। ਹਾਲਾਂਕਿ, ਰੁਝਾਨਾਂ ਤੋਂ ਬਾਅਦ, ਭਾਜਪਾ ਹਾਰ ਨੂੰ ਸਵੀਕਾਰ ਕਰਦੀ ਵਿਖਾਈ ਦੇ ਰਹੀ ਹੈ। ਸ਼ੁਰੂ ਤੋਂ ਹੀ ਆਮ ਆਦਮੀ ਪਾਰਟੀ ਰੁਝਾਨਾਂ ਵਿੱਚ ਬਹੁਮਤ ਹਾਸਲ ਕਰ ਰਹੀ ਹੈ।
ਇਹ ਵੀ ਪੜ੍ਹੋ: LIVE UPDATE: ਰੁਝਾਨਾਂ ਵਿੱਚ ਆਪ ਨੂੰ ਸਪੱਸ਼ਟ ਬਹੁਮਤ, ਵਰਕਰ ਮਨਾ ਰਹੇ ਜਸ਼ਨ