ਇੰਦੌਰ: ਇੱਕ ਭੋਜਪੁਰੀ ਅਦਾਕਾਰਾ ਨੂੰ ਉਸ ਦੇ ਸ਼ੌਹਰ ਨੇ 100 ਰੁਪਏ ਦੇ ਸਟਾਂਪ ਉੱਤੇ ਪਹਿਲਾ ਤਲਾਕ ਭੇਜਿਆ ਹੈ। ਸ਼ੌਹਰ ਨੇ ਸਟਾਂਪ ਉੱਤੇ ਲਿਖਿਆ ਹੈ ਕਿ ਮੈਂ ਦੋ ਗਵਾਹਾਂ ਦੇ ਸਾਹਮਣੇ ਪਹਿਲਾ 'ਤਲਾਕ ਏ ਬਾਇਨ' ਦਿੰਦਾ ਹਾਂ। ਪਰ, ਪੀੜ੍ਹਤ ਮਹਿਲਾ ਨੇ ਇਸ ਤਲਾਕਨਾਮੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ ਇਹ ਤਲਾਕਨਾਮਾ ਇੱਕ ਪਾਸੜ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਜੋ ਮੋਦੀ ਸਰਕਾਰ ਤਿੰਨ ਤਲਾਕ ਲਈ ਕਰ ਰਹੀ ਹੈ, ਉਹ ਔਰਤਾਂ ਦਾ ਘਰ ਵਸਾਉਣ ਲਈ ਕਰ ਰਹੀ ਹੈ, ਮੋਦੀ ਜੀ ਜੋ ਕਰ ਰਹੇ ਹਨ ਉਹ ਠੀਕ ਕਰ ਰਹੇ ਹਨ।
ਇਨ੍ਹਾਂ ਦਿਨਾਂ 'ਚ ਦੇਸ਼ ਵਿੱਚ ਤਿੰਨ ਤਲਾਕ ਦਾ ਮੁੱਦਾ ਗਰਮਾਇਆ ਹੋਇਆ ਹੈ, ਇੰਦੌਰ ਵਿੱਚ ਮੁਦੱਸਰ ਬੇਗ ਨਾਂਅ ਦੇ ਇੱਕ ਸ਼ਖਸ ਨੇ ਆਪਣੀ ਪਤਨੀ (ਭੋਜਪੁਰੀ ਅਦਾਕਾਰਾ) ਨੂੰ 100 ਰੁਪਏ ਦੇ ਸਟਾਂਪ ਉੱਤੇ ਪਹਿਲਾ ਤਲਾਕ ਯਾਨੀ ਤਲਾਕ ਏ ਬਾਇਨ ਭੇਜਿਆ ਹੈ। ਪਤਨੀ ਅਲੀਨਾ ਨੇ ਇਸ ਤਲਾਕਨਾਮੇ ਨੂੰ ਮੰਨਣ ਤੋਂ ਨਾਂਹ ਕਰ ਦਿੱਤੀ ਹੈ।
ਅਲੀਨਾ ਮੁਤਾਬਕ ਉਸ ਦਾ ਪਤੀ 2017 ਵਿੱਚ ਵੀ ਤਲਾਕ ਦੇਣ ਦੀ ਕੋਸ਼ਿਸ਼ ਕਰ ਚੁੱਕਿਆ ਹੈ, ਪਰ ਉਸ ਦੌਰਾਨ ਤਿੰਨ ਤਲਾਕ ਦਾ ਮੁੱਦਾ ਚਰਚਾ ਵਿੱਚ ਸੀ, ਇਸ ਲਈ ਉਸ ਤਲਾਕ ਨੂੰ ਨਹੀਂ ਮੰਨਿਆ ਗਿਆ। ਪੂਰੇ ਮਾਮਲੇ ਨੂੰ ਲੈ ਕੇ ਅਲੀਨਾ ਸ਼ੇਖ ਇੰਦੌਰ ਐੱਸਐੱਸਪੀ ਰੁਚੀ ਵਰਧਨ ਮਿਸ਼ਰਾ ਦੇ ਨਾਲ ਹੀ ਪੁਲਿਸ ਥਾਣੇ ਅਤੇ ਮਹਿਲਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਨ ਪੁੱਜੀ। ਪੁਲਿਸ ਅਧਿਕਾਰੀਆਂ ਨੇ ਮਹਿਲਾ ਦੀ ਕਾਊਂਸਲਿੰਗ ਕਰਨ ਤੋਂ ਬਾਅਦ ਉਸਦੇ ਪਤੀ ਦੇ ਖਿਲਾਫ਼ ਮਾਮਲਾ ਦਰਜ ਕਰਨ ਦੀ ਗੱਲ ਕਹੀ ਹੈ।
ਪੁਲਿਸ ਅਧਿਕਾਰੀ ਅਨੀਤਾ ਦੇਅਰਵਾਲ ਦਾ ਕਹਿਣਾ ਹੈ ਕਿ ਅਲੀਨਾ ਨੇ ਪਤੀ ਉੱਤੇ ਸ਼ੋਸ਼ਣ ਕਰਨ ਅਤੇ ਪ੍ਰਾਪਰਟੀ ਖੋਹਣ ਦੇ ਇਲਜ਼ਾਮ ਵੀ ਲਗਾਏ ਹਨ।