ਨਵੀਂ ਦਿੱਲੀ: ਗਣਤੰਤਰ ਦਿਵਸ ਸਮਾਰੋਹ ਬੁੱਧਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਵਿਜੇ ਚੌਕ ਵਿਖੇ ਕੇਂਦਰੀ ਅਤੇ ਰਾਜ ਪੁਲਿਸ ਦੇ ਹਥਿਆਰਬੰਦ ਸੈਨਾਵਾਂ ਅਤੇ ਬੈਂਡਾਂ ਵੱਲੋਂ ਸ਼ਾਨਦਾਰ 26 ਪੇਸ਼ਕਸ਼ਾਂ ਨਾਲ ਸਮਾਪਤ ਹੋਇਆ।
ਇਸ ਸਮੇਂ ਦੌਰਾਨ ਸੰਗੀਤ ਅਤੇ ਕਲਾਤਮਕ ਪੇਸ਼ਕਾਰੀਆਂ ਨੇ ਸਾਰਿਆਂ ਦੇ ਮਨ ਮੋਹ ਲਏ। 'ਅਭਿਆਨ' ਤੋਂ ਲੈ ਕੇ 'ਨ੍ਰਿਤਿਆ ਸਰਿਤਾ' ਅਤੇ 'ਗੰਗਾ ਜਮੁਨਾ' ਤੱਕ ਦੀਆਂ ਧੁਨਾਂ ਨੇ ਬੀਟਿੰਗ ਰੀਟਰੀਟ ਸੈਰੇਮਨੀ 'ਚ ਚਾਰ ਚੰਨ ਲਾ ਦਿੱਤੇ।
ਸਮਾਰੋਹ ਦੀ ਸ਼ੁਰੂਆਤ ਵਾਹਨਾਂ ਦੇ ਕਾਫਲੇ ਨਾਲ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਸਮਾਗਮ ਵਾਲੀ ਥਾਂ 'ਤੇ ਪਹੁੰਚਣ ਨਾਲ ਹੋਈ। ਇਸ ਮੌਕੇ ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਮੌਜੂਦ ਸਨ।
ਇਸ ਤੋਂ ਇਲਾਵਾ ਆਰਮੀ ਚੀਫ਼ ਜਨਰਲ ਮਨੋਜ ਮੁਕੁੰਦ ਨਰਵਾਨੇ, ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਰਾਕੇਸ਼ ਕੁਮਾਰ ਸਿੰਘ ਭਦੌਰੀਆ ਅਤੇ ਨੇਵੀ ਚੀਫ ਐਡਮਿਰਲ ਕਰਮਵੀਰ ਸਿੰਘ ਵੀ ਮੌਜੂਦ ਸਨ।
'ਵਿਜੇ ਭਾਰਤ' ਸਮੇਤ 25 ਧੁਨਾਂ ਭਾਰਤੀ ਸੰਗੀਤਕਾਰਾਂ ਵੱਲੋਂ ਤਿਆਰ ਕੀਤੇ ਗਏ ਸਨ। 'ਸਾਰੇ ਜਹਾਂ ਸੇ ਅੱਛਾ' ਦੀ ਪੇਸ਼ਕਾਰੀ ਨੇ ਵੀ ਸਾਰਿਆਂ ਦੇ ਮਨ ਮੋਹ ਲਏ। ਜਿਵੇਂ ਹੀ ਰੀਟਰੀਟ ਦਾ ਬਿਗੁਲ ਵੱਜਿਆ, ਰਾਇਸੀਨਾ ਹਿੱਲ ਕੰਪਲੈਕਸ ਖੂਬਸੂਰਤ ਰੰਗਾਂ ਦੀ ਰੌਸ਼ਨੀ ਨਾਲ ਚਮਕ ਉੱਠਿਆ। ਇਸ ਦੇ ਲਈ ਰਵਾਇਤੀ ਬੱਲਬ ਦੀ ਬਜਾਏ ਐਲ.ਈ.ਡੀ. ਦੀ ਵਰਤੋਂ ਕੀਤੀ ਗਈ। ਬੀਟਿੰਗ ਰੀਟਰੀਟ ਹਰ ਸਾਲ 29 ਜਨਵਰੀ ਨੂੰ ਹੁੰਦੀ ਹੈ। ਇਹ ਪਰੰਪਰਾ ਸਦੀਆਂ ਪੁਰਾਣੀ ਹੈ ਜਦੋਂ ਸਿਪਾਹੀ ਸੂਰਜ ਡੁੱਬਣ ਵੇਲੇ ਯੁੱਧ ਨੂੰ ਰੋਕਦੇ ਸਨ ਅਤੇ ਆਪਣੇ ਕੈਂਪਾਂ ਵਿੱਚ ਵਾਪਸ ਆ ਜਾਂਦੇ ਸਨ।