ਜਲੰਧਰ: ਕ੍ਰਿਕਟ ਦਾ ਮਹਾਂਕੁੰਭ ਸ਼ੁਰੂ ਹੋ ਗਿਆ ਹੈ ਅਤੇ ਸਾਰੀ ਦੁਨੀਆਂ ਦੀਆਂ ਨਿਗਾਹਾਂ ਇਸ 'ਤੇ ਟਿੱਕ ਗਈਆਂ ਹਨ। ਜਿੱਥੇ ਹਰ ਇੱਕ ਟੀਮ ਦੇ ਪ੍ਰਸ਼ੰਸਕ ਆਪਣੀ ਆਪਣੀ ਟੀਮ ਲਈ ਦੁਆਵਾਂ ਕਰ ਰਹੇ ਨੇ ਉੱਥੇ ਹੀ ਟੀਮਾਂ ਦੇ ਖਿਡਾਰੀ ਵੀ ਪੂਰੀ ਤਰ੍ਹਾਂ ਤਿਆਰ ਹਨ।
ਭਾਰਤੀ ਟੀਮ ਦੀ ਯੁਵਾ ਬ੍ਰਿਗੇਡ ਵਿੱਚੋਂ ਮਹਿੰਦਰ ਸਿੰਘ ਧੋਨੀ ਇੱਕ ਅਜਿਹਾ ਨਾਂਅ ਹੈ ਜਿਸ ਦੀ ਬੱਲੇਬਾਜ਼ੀ ਦੇਖਣ ਲਈ ਪੂਰੀ ਦੁਨੀਆਂ ਬੇਤਾਬ ਹੈ ਅਤੇ ਖ਼ੁਦ ਧੋਨੀ ਵੀ ਆਪਣੇ ਪ੍ਰਸ਼ੰਸਕਾਂ ਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦੇ।
ਇਸੇ ਤਹਿਤ ਭਾਰਤੀ ਟੀਮ ਦੇ ਧਮਾਕੇਦਾਰ ਬੱਲੇਬਾਜ਼ ਅਤੇ ਵਿਕਟ ਕੀਪਰ ਮਹਿੰਦਰ ਸਿੰਘ ਧੋਨੀ ਨੇ ਇਸ ਵਰਲਡ ਕੱਪ ਲਈ ਜਲੰਧਰ ਦੀ 'ਬੀਟ ਆਲ ਸਪੋਰਟਸ' ਨਾਂਅ ਦੀ ਕੰਪਨੀ ਤੋਂ ਖ਼ਾਸ ਬੈਟ ਤਿਆਰ ਕਰਵਾਏ ਹਨ। ਧੋਨੀ ਨੇ ਇਸ ਵਾਰ ਆਪਣੇ ਬੈਟ ਵਿੱਚ ਥੋੜੀ ਤਬਦੀਲੀ ਕਰਵਾਈ ਹੈ ਜਿਸ ਵਿੱਚੋਂ ਇੱਕ ਮੁੱਖ ਬਦਲਾਅ ਇਹ ਹੈ ਕਿ ਉਨ੍ਹਾਂ ਨੇ ਆਪਣੇ ਬੱਲੇ ਦਾ ਵਜ਼ਨ 20 ਗ੍ਰਾਮ ਘੱਟ ਕਰਵਾਇਆ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਬੱਲੇ ਦੇ ਹੈਂਡਲ ਦੀ ਚੌੜਾਈ ਵੀ ਥੋੜੀ ਜ਼ਿਆਦਾ ਕਰਵਾਈ ਹੈ। ਧੋਨੀ ਨੇ ਇੰਗਲੈਂਡ ਦੀ ਪਿੱਚ ਦੇ ਹਿਸਾਬ ਨਾਲ ਆਪਣੇ ਬੱਲਿਆਂ ਨੂੰ ਤਿਆਰ ਕਰਵਾਇਆ ਹੈ।
1999 ਤੋਂ ਧੋਨੀ ਦੇ ਬੱਲੇ ਬਣਾ ਰਹੀ ਬੀਟ ਆਲ ਸਪੋਰਟਸ ਦੇ ਮਾਲਿਕ ਸੋਮੀ ਕੋਹਲੀ ਨੇ ਦੱਸਿਆ ਕਿ ਧੋਨੀ ਨੇ ਆਈਪੀਐਲ ਮੈਚਾਂ ਲਈ ਵੀ ਬੱਲੇ ਉਨ੍ਹਾਂ ਕੋਲੋਂ ਤਿਆਰ ਕਰਵਾਏ ਸੀ ਪਰ ਇੰਗਲੈਂਡ ਵਿੱਚ ਹੋਣ ਵਾਲੇ ਵਿਸ਼ਵ ਕੱਪ ਲਈ ਧੋਨੀ ਨੇ ਆਪਣੇ ਬੱਲਿਆਂ ਵਿੱਚ ਉਕਤ ਖ਼ਾਸ ਬਦਲਾਅ ਕਰਵਾਏ ਹਨ। ਸੋਮੀ ਨੇ ਦੱਸਿਆ ਕਿ ਵਰਲਡ ਕੱਪ ਲਈ ਧੋਨੀ ਤੋਂ ਇਲਾਵਾ ਸਾਊਥ ਅਫਰੀਕਾ ਦੇ ਖਿਡਾਰੀ ਹਾਸ਼ਿਮ ਆਮਲਾ ਲਈ ਵੀ ਉਨ੍ਹਾਂ ਨੇ ਬੱਲੇ ਤਿਆਰ ਕੀਤੇ ਹਨ।