ਬਿਲਾਸਪੁਰ (ਛੱਤੀਸਗੜ੍ਹ): ਕੋਟਾ ਨਾਲ ਲੱਗੇ ਖੂੰਟਾਘਾਟ ਬੰਨ ਦੇ ਵੈਸਟ ਵਿਅਰ ਸਾਈਡ 'ਚ ਫਸੇ ਵਿਅਕਤੀ ਜਿਤੇਂਦਰ ਕਸ਼ਯਪ ਨੂੰ ਰੈਸਕਿਊ ਕਰ ਲਿਆ ਗਿਆ ਹੈ। ਦੱਸਣਯੋਗ ਹੈ ਕਿ ਇੱਥੇ ਪਾਣੀ ਦੇ ਤੇਜ਼ ਬਹਾਅ ਨੂੰ ਦੇਖਣ ਲਈ ਵੱਡੀ ਗਿਣਤੀ 'ਚ ਸੈਲਾਨੀ ਪਹੁੰਚ ਰਹੇ ਹਨ। ਇਸੇ ਤਰ੍ਹਾਂ ਐਤਵਾਰ ਨੂੰ ਵੀ ਪਾਣੀ ਦੇ ਤੇਜ਼ ਬਹਾਅ ਨੂੰ ਵੇਖਣ ਲਈ ਸੈਲਾਨੀ ਪਹੁੰਚੇ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਸ਼ਾਮ 4 ਵਜੇ ਇਨ੍ਹਾਂ 'ਚੋਂ ਹੀ ਕਿਸੇ ਇੱਕ ਵਿਅਕਤੀ ਨੇ ਨਹਾਉਣ ਲਈ ਵੈਸਟ ਵੀਅਰ ਦੇ ਤੇਜ਼ ਵਹਿੰਦੇ ਪਾਣੀ 'ਚ ਛਾਲ ਮਾਰ ਦਿੱਤੀ।
ਤੇਜ਼ ਬਹਾਅ 'ਚ ਫਸਿਆ ਵਿਅਕਤੀ
ਪਾਣੀ 'ਚ ਛਾਲ ਮਾਰਨ ਤੋਂ ਬਾਅਦ ਵਿਅਕਤੀ ਪਾਣੀ 'ਚ ਬਹਿਣ ਲੱਗਾ, ਪਰ ਅੱਗੇ ਜਾ ਕੇ ਉਹ ਦਰਖੱਤਾਂ ਅਤੇ ਝਾੜੀਆਂ 'ਚ ਫਸ ਗਿਆ। ਉੱਥੇ ਖੜੇ ਲੋਕ ਉਸ ਨੂੰ ਬੇਬਸੀ ਨਾਲ ਵੇਖਦੇ ਰਹੇ। ਜਾਣਕਾਰੀ ਮਿਲਣ 'ਤੇ ਪੁਲਿਸ ਅਤੇ ਆਪਦਾ ਪ੍ਰਬੰਧਨ ਦੀ ਟੀਮ ਮੌਕੇ 'ਤੇ ਪਹੁੰਚੀ, ਗੋਤਾਖੋਰਾਂ ਦੀ ਟੀਮ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ। ਪਾਣੀ ਦਾ ਬਹਾਅ ਤੇਜ਼ ਹੋਣ ਕਾਰਨ ਗੋਤਾਖੋਰ ਵੀ ਪਾਣੀ 'ਚ ਜਾਣ ਦੀ ਹਿੰਮਤ ਨਹੀਂ ਸੀ ਕਰ ਰਹੇ। ਅੱਜ ਸਵੇਰੇ ਫੌਜ ਦੇ ਜਹਾਜ਼ ਨੇ ਵਿਅਕਤੀ ਨੂੰ ਰੈਸਕਿਊ ਕਰ ਲਿਆ ਹੈ। ਵਿਅਕਤੀ ਨੂੰ ਰਾਏਪੁਰ ਦੇ ਨਿਜੀ ਹਸਪਤਾਲ 'ਚ ਇਲਾਜ ਲਈ ਭੇਜਿਆ ਗਿਆ ਹੈ।
ਦੱਸਣਯੋਗ ਹੈ ਕਿ ਤੇਜ਼ ਮੀਂਹ ਕਾਰਨ ਸੂਬੇ ਦੇ ਨਦੀ ਨਾਲਿਆਂ 'ਚ ਪਾਣੀ ਦਾ ਬਹਾਅ ਬਹੁਤ ਤੇਜ਼ ਹੈ। ਡੁਬਾਨ ਖੇਤਰ 'ਚ ਆਉਣ ਵਾਲੇ ਇਲਾਕਿਆਂ ਨੂੰ ਵੀ ਪ੍ਰਸ਼ਾਸਨ ਨੇ ਖਾਲੀ ਕਰਵਾ ਦਿੱਤਾ ਹੈ। ਪ੍ਰਸ਼ਾਸਨ ਅਤੇ ਆਪਦਾ ਪ੍ਰਬੰਧਨ ਦੀਆਂ ਟੀਮਾਂ ਨੇ ਹਾਲਾਤਾਂ 'ਤੇ ਲਗਾਤਾਰ ਨਜ਼ਰ ਰੱਖੀ ਹੋਈ ਹੈ। ਸੂਬੇ 'ਚ ਭਾਰੀ ਮੀਂਹ ਨੂੰ ਵੇਖਦਿਆਂ ਅਲਰਟ ਵੀ ਜਾਰੀ ਕੀਤਾ ਗਿਆ ਹੈ।