ਨਵੀਂ ਦਿੱਲੀ: ਲੱਦਾਖ ਦੇ ਪੈਂਗੋਂਗ ਤਸੋ ਲੇਕ ਖੇਤਰ ਵਿੱਚ ਤਣਾਅ ਦੇ ਚੱਲਦਿਆਂ ਫੌਜ ਮੁਖੀ ਨਰਵਾਣੇ ਲੱਦਾਖ ਦਾ ਦੌਰਾ ਕਰ ਰਹੇ ਹਨ। ਫ਼ੌਜੀ ਸੂਤਰਾਂ ਅਨੁਸਾਰ, ਫ਼ੌਜ ਮੁਖੀ ਸੀਨੀਅਰ ਫੀਲਡ ਕਮਾਂਡਰਾਂ ਨਾਲ ਬੈਠਕ ਵੀ ਕਰਨਗੇ।
ਫ਼ੌਜ ਦੇ ਸੂਤਰਾਂ ਨੇ ਦੱਸਿਆ ਕਿ ਚੀਫ਼ ਆਫ਼ ਆਰਮੀ ਸਟਾਫ਼ ਨੂੰ ਐਲ.ਏ.ਸੀ. 'ਤੇ ਬਣੇ ਤਾਜ਼ਾ ਹਾਲਾਤਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸਰਕਾਰੀ ਸੂਤਰਾਂ ਨੇ ਕਿਹਾ ਕਿ ਭਾਰਤ ਨੇ ਪੈਂਗੋਂਗ ਤਸੋ ਖੇਤਰ ਦੇ ਦੱਖਣੀ ਤੱਟ ਉੱਤੇ ਤਿੰਨ ਰਣਨੀਤਕ ਮਹੱਤਵਪੂਰਨ ਪਹਾੜੀ ਚੋਟੀਆਂ ‘ਤੇ ਆਪਣੀ ਸਥਿਤੀ ਮਜ਼ਬੂਤ ਕੀਤੀ ਹੈ। ਇਸ ਨਾਲ ਭਾਰਤ ਪੂਰੇ ਇਲਾਕੇ ਦੀ ਬਿਹਤਰ ਨਿਗਰਾਨੀ ਕਰ ਸਕਦਾ ਹੈ।
ਸੂਤਰਾਂ ਅਨੁਸਾਰ ਅਸਲ ਕੰਟਰੋਲ ਰੇਖਾ (ਐਲ.ਏ.ਸੀ.) ਦੀ ਸਰਹੱਦ ਨਾਲ ਲੱਗਦੀ ਭਾਰਤੀ ਸਰਹੱਦ ਦੇ ਅੰਦਰ ਪੈਂਗੋਂਗ ਝੀਲ ਦੇ ਉੱਤਰੀ ਕੰਢੇ `ਤੇ ਸਾਵਧਾਨੀ ਦੇ ਤੌਰ `ਤੇ ਫ਼ੌਜਾਂ ਦੀ ਤਾਇਨਾਤੀ ਵਿੱਚ ਕੁੱਝ ਬਦਲਾਅ ਕੀਤੇ ਗਏ ਹਨ। ਸਥਿਤੀ ਸੰਵੇਦਨਸ਼ੀਲ ਬਣੀ ਹੋਈ ਹੈ।
ਸੂਤਰਾਂ ਨੇ ਇਹ ਵੀ ਦੱਸਿਆ ਕਿ ਸੋਮਵਾਰ ਤੇ ਮੰਗਲਵਾਰ ਨੂੰ ਛੇ ਘੰਟਿਆਂ ਤੋਂ ਵੱਧ ਸਮੇਂ ਲਈ ਇਸੇ ਤਰ੍ਹਾਂ ਦੀ ਗੱਲਬਾਤ ਕੀਤੀ ਗਈ ਸੀ, ਪਰ ਕੋਈ ਠੋਸ ਨਤੀਜਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਭਾਰਤ ਨੇ ਪਿਛਲੇ ਦਿਨਾਂ ਵਿੱਚ ਪੂਰਬੀ ਲੱਦਾਖ ਵਿੱਚ ਕਈ ਰਣਨੀਤਕ ਮਹੱਤਵਪੂਰਨ ਪਹਾੜੀ ਚੋਟੀਆਂ ਅਤੇ ਥਾਵਾਂ ਉੱਤੇ ਆਪਣੀ ਮੌਜੂਦਗੀ ਵਧਾ ਕੇ ਇੱਕ ਰਣਨੀਤਕ ਬੜਤ ਹਾਸਿਲ ਕੀਤੀ ਹੈ।