ਕੋਲਕਾਤਾ: ਨਾਗਰਿਕਤਾ ਸੋਧ ਕਾਨੂੰਨ (CAA), ਐੱਨਆਰਸੀ (NRC) ਅਤੇ ਐੱਨਪੀਆਰ (NPR) ਨੂੰ ਲੈ ਕੇ ਪੰਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੇਂਦਰ ਸਰਕਾਰ ਦਾ ਵਿਰੋਧ ਹੋਰ ਵੀ ਤੇਜ਼ ਕਰ ਦਿੱਤਾ ਹੈ। ਦੱਸ ਦਈਏ ਕਿ ਪਿਛਲੇ ਦਿਨੀਂ ਮਮਤਾ ਬੈਨਰਜੀ ਨੇ ਕੋਲਕਾਤਾ ਦੀਆਂ ਸੜਕਾਂ ’ਤੇ ਇਸ ਦੇ ਵਿਰੋਧ ’ਚ ਪੈਦਲ ਮਾਰਚ ਵੀ ਕੀਤਾ ਸੀ। ਹੁਣ ਉਨ੍ਹਾਂ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਸੀਏਏ ਵਿਰੋਧੀ ਪ੍ਰਸਤਾਵ ਲਿਆਉਣ ਦੀਆਂ ਤਿਆਰੀਆਂ ਵਿੱਚ ਹੈ। ਇਸ ਸਬੰਧੀ ਪੱਛਮੀ ਬੰਗਾਲ ਵਿਧਾਨ ਸਭਾ ’ਚ ਅੱਜ ਪ੍ਰਸਤਾਵ ਪੇਸ਼ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ ਤੋਂ ਪਹਿਲਾਂ ਕੇਰਲ, ਪੰਜਾਬ ਤੇ ਰਾਜਸਥਾਨ ’ਚ CAA ਵਿਰੋਧੀ ਪ੍ਰਸਤਾਵ ਪਾਸ ਹੋ ਚੁੱਕੇ ਹਨ। ਇਸ ਤੋਂ ਪਹਿਲਾਂ ਮਮਤਾ ਬੈਨਰਜੀ ਨੇ ਕਿਹਾ ਸੀ ਕਿ ਐੱਨਆਰਸੀ, ਐੱਨਪੀਆਰ ਤੇ ਸੀਏਏ ਇੱਕ–ਦੂਜੇ ਨਾਲ ਜੁੜੇ ਹਨ ਤੇ ਸਾਰੇ ਰਾਜਾਂ ਨੂੰ ਇਸ ਨੂੰ ਵਾਪਸ ਲੈਣ ਲਈ ਪ੍ਰਸਤਾਵ ਪਾਸ ਕਰਨਾ ਚਾਹੀਦਾ ਹੈ। ਮਮਤਾ ਬੈਨਰਜੀ ਨੇ ਪਹਿਲਾਂ ਹੀ ਸਾਫ਼ ਕਰ ਦਿੱਤਾ ਸੀ ਕਿ ਪੱਛਮੀ ਬੰਗਾਲ ਦੀ ਵਿਧਾਨ ਸਭਾ ’ਚ ਵੀ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਪ੍ਰਸਤਾਵ ਪਾਸ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਏਅਰ ਇੰਡੀਆ ਦੀ 100 ਫੀਸਦੀ ਹਿੱਸੇਦਾਰੀ ਵੇਚੇਗੀ ਕੇਂਦਰ ਸਰਕਾਰ, ਜਾਰੀ ਕੀਤੇ ਦਸਤਾਵੇਜ਼
ਇਸ ਦੇ ਨਾਲ ਹੀ ਮਮਤਾ ਬੈਨਰਜੀ ਨੇ ਭਾਜਪਾ ਦੀ ਹਕੂਮਤ ਵਾਲੇ ਉੱਤਰ-ਪੂਰਬੀ ਸੂਬਿਆਂ ਤ੍ਰਿਪੁਰਾ, ਅਸਮ, ਮਣੀਪੁਰ ਤੇ ਅਰੁਣਾਚਲ ਪ੍ਰਦੇਸ਼ ਅਤੇ ਵਿਰੋਧੀ ਪਾਰਟੀਆਂ ਦੀ ਹਕੂਮਤ ਵਾਲੇ ਸੁਬਿਆਂ ਨੂੰ ਅਪੀਲ ਕਿ ਸਾਰੇ ਸੂਬੇ NPR ਨੂੰ ਚੰਗੀ ਤਰ੍ਹਾਂ ਪੜ੍ਹੇ ਬਿਨ੍ਹਾਂ ਇਸ ਕਾਨੂੰਨ ਨੂੰ ਆਪਣੇ ਰਾਜਾਂ ਵਿੱਚ ਲਾਗੂ ਨਾ ਕਰਨ।