ਰਾਏਪੁਰ : ਅੱਜ ਦੇ ਸਮੇਂ ਵਿੱਚ ਮਹਿਲਾਵਾਂ ਹਰ ਖ਼ੇਤਰ ਵਿੱਚ ਪੁਰਸ਼ਾਂ ਨਾਲ ਮਿਲ ਕੇ ਅਗੇ ਵੱਧ ਰਹੀਆਂ ਹਨ। ਭਾਰਤੀ ਸਮਾਜ ਵਿੱਚ ਇੱਕ ਰਿਵਾਜ਼ ਅਜਿਹਾ ਵੀ ਹੈ ਜਿਸ ਮੁਤਾਬਕ ਔਰਤਾਂ ਨੂੰ ਅੰਤਮ ਸਸਕਾਰ 'ਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਮਿਲਦੀ। ਕਿਸੇ ਦੀ ਮੌਤ ਤੋਂ ਬਾਅਦ ਅੰਤਮ ਸੰਸਕਾਰ ਵਿੱਚ ਔਰਤਾਂ ਅਤੇ ਕੁੜੀਆਂ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ ਪਰ ਰਾਏਪੁਰ ਦੀਆਂ ਇਹ ਧੀਆਂ ਇਸ ਮਿਥ ਨੂੰ ਗ਼ਲਤ ਸਾਬਿਤ ਕਰ ਰਹੀਆਂ ਹਨ।
21 ਔਰਤਾਂ ਦਾ ਗਰੁੱਪ
ਰਾਏਪੁਰ ਦੀ ਵਸਨੀਕ ਡਾ. ਨਿੰਮੀ ਚੌਬੇ ਨੇ ਪਰਿਵਾਰ ਅਤੇ ਆਲੇ-ਦੁਆਲੇ ਦੀਆਂ ਔਰਤਾਂ ਨਾਲ ਮਿਲ ਕੇ ਇੱਕ ਗਰੁੱਪ ਤਿਆਰ ਕੀਤਾ ਹੈ। ਇਸ ਗਰੁੱਪ ਦੀਆਂ ਮਹਿਲਾਵਾਂ ਲਵਾਰਸ ਅਤੇ ਅਣਪਛਾਤੀ ਲਾਸ਼ਾਂ ਦਾ ਅੰਤਮ ਸੰਸਕਾਰ ਕਰਦੀਆਂ ਹਨ। ਇਸ ਗਰੁੱਪ ਵਿੱਚ ਲਗਭਗ 21 ਔਰਤਾਂ ਸ਼ਾਮਲ ਹਨ। ਨਿੰਮੀ ਨੇ ਆਪਣੀ ਭੈਣਾ ਅਤੇ ਭਰਜਾਈ ਨਾਲ ਮਿਲ ਕੇ ਇੱਕ ਫਾਊਂਡੇਸ਼ਨ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਹੌਲੀ-ਹੌਲੀ ਹੋਰ ਔਰਤਾਂ ਵੀ ਇਸ ਫਾਊਂਡੇਸ਼ਨ 'ਚ ਸ਼ਾਮਲ ਹੋ ਗਈਆਂ।
4 ਭੈਣਾ ਨੇ ਮਿਲ ਕੇ ਬਣਾਇਆ ਗਰੁੱਪ
ਇਸ ਫਾਊਂਡੇਸ਼ਨ ਵਿੱਚ ਚਾਰ ਭੈਣਾਂ ਸ਼ਾਮਲ ਹਨ ਜੋ ਕਿ ਫੰਡਿੰਗ ਰਾਹੀਂ ਆਰਥਕ ਮਦਦ ਕਰਦੀਆਂ ਹਨ। ਇਸ ਫਾਊਂਡੇਸ਼ਨ ਦੀ ਪ੍ਰਧਾਨ ਨਿੰਮੀ ਚੌਬੇ ਨੇ ਦੱਸਿਆ ਕਿ ਕਈ ਵਾਰ ਸੜਕ ਹਾਦਸਿਆਂ ਜਾਂ ਹੋਰ ਕਾਰਨਾਂ ਕਰਕੇ ਜੋ ਮੌਤਾਂ ਹੁੰਦੀਆਂ ਹਨ ਤਾਂ ਉਨ੍ਹਾਂ ਅਣਪਛਾਤੇ ਲੋਕਾਂ ਦੀ ਲਾਸ਼ ਦਾ ਕੋਈ ਵਾਰਿਸ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਅਸੀਂ ਪੁਲਿਸ ਸਟੇਸ਼ਨ ਤੋਂ ਅਜਿਹੀ ਲਾਸ਼ਾਂ ਦੀ ਜਾਣਕਾਰੀ ਲੈਂਦੇ ਹਾਂ ਅਤੇ ਬਾਅਦ ਵਿੱਚ ਉਨ੍ਹਾਂ ਦਾ ਪੂਰੇ ਸਨਮਾਨ ਨਾਲ ਅੰਤਮ ਸੰਸਕਾਰ ਕਰਦੇ ਹਾਂ।
ਮਾਤਾ-ਪਿਤਾ ਤੋਂ ਮਿਲਿਆ ਇਨਸਾਨੀਅਤ ਦਾ ਸਬਕ
ਡਾ. ਨਿੰਮੀ ਚੌਬੇ ਦਾ ਕਹਿਣਾ ਹੈ ਕਿ ਉਹ ਆਪਣੇ ਮਾਤਾ-ਪਿਤਾ ਨੂੰ ਆਪਣੀ ਪ੍ਰਰੇਣਾ ਮੰਨਦੇ ਹਨ ਕਿਉਂਕਿ ਉਨ੍ਹਾਂ ਵੱਲੋਂ ਦਿੱਤੇ ਗਏ ਇਨਸਾਨੀਅਤ ਦੇ ਸਬਕ ਕਾਰਨ ਉਹ ਅੱਜ ਇਸ ਨੇਕ ਕੰਮ ਨੂੰ ਕਰ ਪਾ ਰਹੇ ਹਨ।
ਘਰੇਲੂ ਮਹਿਲਾਵਾਂ ਵੀ ਸ਼ਾਮਲ
ਇਸ ਫਾਊਂਡੇਸ਼ਨ ਦੇ ਵਿੱਚ ਵੱਖ-ਵੱਖ ਸਮੂਹਾਂ ਨਾਲ ਕੰਮ ਕਰਨ ਵਾਲੀਆਂ ਅਤੇ ਘਰੇਲੂ ਮਹਿਲਾਵਾਂ ਵੀ ਸ਼ਾਮਲ ਹਨ। ਇਸ ਗਰੁੱਪ ਵਿੱਚ ਸ਼ਾਮਲ ਇੱਕ ਗ੍ਰਹਿਣੀ ਪ੍ਰਤਿਭਾ ਚੌਬੇ ਦਾ ਕਹਿਣਾ ਹੈ ਕਿ ਜਦ ਵੀ ਉਹ ਇਸ ਕੰਮ ਲਈ ਗਰੁੱਪ ਵਿੱਚ ਸ਼ਾਮਲ ਹੁੰਦੇ ਹਨ ਤਾਂ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦਾ ਸਹਿਯੋਗ ਕਰਦਾ ਹੈ। ਉਨ੍ਹਾਂ ਦੇ ਪਤੀ ਅਤੇ ਪਰਿਵਾਰਕ ਮੈਂਬਰ ਬੱਚਿਆਂ ਦੀ ਦੇਖਭਾਲ ਕਰਦੇ ਹਨ। ਇਸ ਨਾਲ ਉਨ੍ਹਾਂ ਨੂੰ ਆਪਣੇ ਸਮਾਜ ਦੀ ਭਲਾਈ ਦੇ ਕੰਮ ਵਿੱਚ ਹਿੱਸਾ ਲੈਣ ਲਈ ਆਸਾਨੀ ਹੁੰਦੀ ਹੈ।