ਸਿਰਸਾ/ਹਰਿਆਣਾ: ਤਾਲਾਬੰਦੀ ਦੇ ਦੌਰਾਨ ਪਟਿਆਲਾ ਵਿੱਚ ਡਿਊਟੀ ਤੇ ਤੈਨਾਤ ਏਐਸਆਈ ਹਰਜੀਤ ਸਿੰਘ ਦੇ ਨਿਹੰਗ ਵੱਲੋਂ ਹੱਥ ਕੱਟ ਦਿੱਤਾ ਗਿਆ ਸੀ ਜਿਸ ਦੇ ਸਮਰਥਨ ਵਿੱਚ ਪੰਜਾਬ ਪੁਲਿਸ ਵੱਲੋਂ 'ਮੈਂ ਵੀ ਹਰਜੀਤ ਸਿੰਘ' ਦਾ ਸਲੋਗਨ ਚਲਾਇਆ ਜਾ ਰਿਹਾ ਹੈ ਜਿਸ ਦੇ ਹੱਕ ਵਿੱਚ ਹੁਣ ਗੁਆਂਢੀ ਸੂਬੇ ਹਰਿਆਣਾ ਨੇ ਵੀ ਐਂਟਰੀ ਮਾਰ ਦਿੱਤੀ ਹੈ।
ਹਰਿਆਣਾ ਦੇ ਸਿਰਸਾ ਇਲਾਕੇ ਦੀ ਪੁਲਿਸ ਨੇ 'ਮੈਂ ਵੀ ਹਰਜੀਤ ਸਿੰਘ' ਦਾ ਬੈਨਰ ਲਾਇਆ ਹੈ। ਇੰਨਾ ਹੀ ਨਹੀਂ ਸਗੋਂ ਉੱਚ ਅਧਿਕਾਰੀ ਹਰਜੀਤ ਸਿੰਘ ਦੇ ਨਾਂਅ ਦੀ ਪੱਟੀ ਲਾ ਕੇ ਆਪਣੀ ਡਿਊਟੀ ਨਿਭਾ ਰਹੇ ਹਨ।
ਇਸ ਬਾਬਤ ਡੀਐਸਪੀ ਆਰੀਅਨ ਚੌਧਰੀ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਏਐਸਆਈ ਹਰਜੀਤ ਸਿੰਘ ਦਾ ਡਿਊਟੀ ਦੌਰਾਨ ਹੱਥ ਕੱਟ ਦਿੱਤਾ ਗਿਆ ਸੀ ਹਾਲਾਂਕਿ ਹੱਥ ਨੂੰ ਪੀਜੀਆਈ ਦੇ ਡਾਕਟਰਾਂ ਨੇ ਸਫ਼ਲ ਆਪਰੇਸ਼ਨ ਕਰ ਕੇ ਵਾਪਸ ਜੋੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਰਜੀਤ ਸਿੰਘ ਦੇ ਇਸ ਜਜ਼ਬੇ ਨੂੰ ਪੰਜਾਬ ਪੁਲਿਸ ਦੇ ਨਾਲ-ਨਾਲ ਹਰਿਆਣਾ ਪੁਲਿਸ ਵੀ ਸਲਾਮ ਕਰ ਰਹੀ ਹੈ।
ਜ਼ਿਕਰ ਕਰ ਦਈਏ ਕਿ ਤਾਲਾਬੰਦੀ ਦੇ ਦੌਰਾਨ ਹਰਜੀਤ ਸਿੰਘ ਦੀ ਸ਼ਾਹੀ ਸ਼ਹਿਰ ਪਟਿਆਲਾ ਸ਼ਹਿਰ ਵਿੱਚ ਡਿਊਟੀ ਤੇ ਤੈਨਾਤ ਸੀ ਜਿਸ ਦੌਰਾਨ ਇੱਕ ਨਿਹੰਗ ਨੇ ਉਸ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਉਸ ਦਾ ਹੱਥ ਵੱਢ ਦਿੱਤਾ ਸੀ। ਇਸ ਤੋਂ ਬਾਅਦ ਉਸ ਨੂੰ ਪੀਜੀਆਈ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਆਪਣਾ ਹੁਨਰ ਵਿਖਾਉਂਦੇ ਹੋਏ ਹੱਥ ਨੂੰ ਦੋਬਾਰਾ ਜੋੜ ਦਿੱਤਾ। ਹਰਜੀਤ ਸਿੰਘ ਦੇ ਇਸ ਜਜ਼ਬੇ ਨੂੰ ਵੇਖਦਿਆਂ ਹੋਇਆ ਪੰਜਾਬ ਸਰਕਾਰ ਨੇ ਉਸ ਨੂੰ ਅਹੁਦੇ ਵਿੱਚ ਤਰੱਕੀ ਦਿੱਤੀ ਹੈ।