ਸ੍ਰੀਨਗਰ: ਸ਼ਹਿਲਾ ਰਾਸ਼ਿਦ ਦੇ ਪਿਤਾ ਨੇ ਸ਼ਹਿਲਾ ਵੱਲੋਂ ਚਲਾਈ ਜਾ ਰਹੀ ਗੈਰ ਸਰਕਾਰੀ ਸੰਸਥਾ (ਐਨ.ਜੀ.ਓ.) ਦੀ ਜਾਂਚ ਦੀ ਮੰਗ ਕੀਤੀ ਹੈ। ਇੱਕ ਪ੍ਰੈਸ ਕਾਨਫਰੰਸ ਵਿੱਚ ਪੁਲਿਸ ਦੇ ਡਾਇਰੈਕਟਰ ਜਨਰਲ ਨੂੰ ਸੰਬੋਧਿਤ ਤਿੰਨ ਪੰਨਿਆਂ ਦਾ ਪੱਤਰ ਜਾਰੀ ਕਰਦਿਆਂ ਅਬਦੁੱਲ ਰਾਸ਼ਿਦ ਸ਼ੋਰਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਸ਼ਹਿਲਾ, ਉਸ ਦੇ ਸੁਰੱਖਿਆ ਗਾਰਡ, ਭੈਣ ਅਤੇ ਸ਼ਹਿਲਾ ਦੀ ਮਾਂ ਤੋਂ ਆਪਣੀ ਜਾਨ ਦਾ ਖ਼ਤਰਾ ਹੈ।
ਸ਼ੋਰਾ ਨੇ ਇਹ ਦਾਅਵਾ ਕੀਤਾ ਕਿ ਸ਼ਹਿਲਾ ਨੇ ਕਸ਼ਮੀਰ ਦੀ ਰਾਜਨੀਤੀ ਵਿੱਚ ਸ਼ਾਮਲ ਹੋਣ ਲਈ ਤਿੰਨ ਕਰੋੜ ਰੁਪਏ ਲਏ ਸਨ। ਉਨ੍ਹਾਂ ਕਿਹਾ ਕਿ ਸ਼ਹਿਲਾ ਨੇ ਜੰਮੂ-ਕਸ਼ਮੀਰ ਤੋਂ (ਸਾਬਕਾ ਵਿਧਾਇਕ) ਇੰਜੀਨੀਅਰ ਰਾਸ਼ਿਦ ਅਤੇ (ਕਾਰੋਬਾਰੀ) ਜ਼ਹੂਰ ਵਟਾਲੀ ਤੋਂ ਪੈਸੇ ਲਏ ਹਨ।
ਦੱਸ ਦੇਈਏ ਕਿ ਇੰਜੀਨੀਅਰ ਰਾਸ਼ਿਦ ਅਤੇ ਜ਼ਹੂਰ ਵਟਾਲੀ ਨੂੰ ਪਿਛਲੇ ਸਾਲ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਅੱਤਵਾਦੀ ਫੰਡਿੰਗ ਦੇ ਕੇਸ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ।
ਸ਼ਹਿਲਾ ਨੇ ਆਪਣੇ ਪਿਤਾ ਅਬਦੁੱਲ ਰਾਸ਼ਿਦ ਸ਼ੋਰਾ ਦੇ ਬਿਆਨ ਨੂੰ 'ਬੇਹਦ ਘਿਨਾਉਣਾ ਅਤੇ ਬੇਬੁਨਿਆਦ' ਦੱਸਿਆ। ਉਨ੍ਹਾਂ ਕਿਹਾ ਕਿ ਸ਼ੋਰਾ ਦੀ ਪ੍ਰਤੀਕ੍ਰਿਆ ਬਦਲਾ ਲੈਣਾ ਹੈ।
ਸ਼ਹਿਲਾ ਨੇ ਕਿਹਾ ਕਿ 17 ਨਵੰਬਰ ਨੂੰ ਅਦਾਲਤ ਨੇ ਉਨ੍ਹਾਂ ਦੇ ਖਿਲਾਫ ਘਰੇਲੂ ਹਿੰਸਾ ਦੇ ਤਹਿਤ ਦਾਇਰ ਕੀਤੀ ਸ਼ਿਕਾਇਤ ‘ਤੇ ਸ੍ਰੀਨਗਰ ਸਥਿਤ ਉਨ੍ਹਾਂ ਦੇ ਘਰ ਦਾਖਲ ਹੋਣ ‘ਤੇ ਰੋਕ ਲਾ ਦਿੱਤੀ ਸੀ।