ਨਵੀਂਂ ਦਿੱਲੀ: ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਰਾਜ ਸਭਾ ਵਿੱਚ ਖੇਤੀਬਾੜੀ ਸਬੰਧੀ ਬਿੱਲ, ਕਿਸਾਨ ਵਪਾਰ ਤੇ ਵਣਜ ਆਰਡੀਨੈਂਸ 2020, ਭਰੋਸੇਮੰਦ ਕੀਮਤ ਤੇ ਫਾਰਮ ਸੇਵਾਵਾਂ ਆਰਡੀਨੈਂਸ 2020 ਤੇ ਜ਼ਰੂਰੀ ਵਸਤੂਆਂ (ਸੋਧ) 2020 ਪੇਸ਼ ਕੀਤੇ। ਇਸ ਬਾਰੇ ਬੋਲਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਦੋ ਬਿੱਲ ਕਿਸਾਨਾਂ ਲਈ ਬਹੁਤ ਕ੍ਰਾਂਤੀਕਾਰੀ ਸਾਬਤ ਹੋਣਗੇ ਤੇ ਕਿਸਾਨਾਂ ਦੇ ਜੀਵਨ ਵਿੱਚ ਬਦਲਾਅ ਲੈ ਕੇ ਆਉਣਗੇ।
ਕਿਸਾਨ ਦੇਸ਼ ਵਿਚ ਕਿਤੇ ਵੀ ਆਪਣੀ ਪੈਦਾਵਾਰ ਦਾ ਸੁਤੰਤਰ ਵਪਾਰ ਕਰ ਸਕਣਗੇ। ਮੈਂ ਕਿਸਾਨਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਇਹ ਬਿੱਲ ਘੱਟੋ ਘੱਟ ਸਮਰਥਨ ਮੁੱਲ ਨਾਲ ਸਬੰਧਤ ਨਹੀਂ ਹਨ। ਪ੍ਰਧਾਨ ਮੰਤਰੀ ਨੇ ਵੀ ਕਿਹਾ ਕਿ ਐਮਐਸਪੀ ਜਾਰੀ ਹੈ ਅਤੇ ਅੱਗੇ ਵੀ ਜਾਰੀ ਰਹੇਗੀ।
ਦੂਜੇ ਪਾਸੇ ਪੰਜਾਬ ਤੋਂ ਕਾਂਗਰਸ ਦਾ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਸਾਨ ਬਿੱਲਾਂ 'ਤੇ ਚਰਚਾ ਦੌਰਾਨ ਬੋਲਦਿਆਂ ਇਸ ਨੂੰ ਕਿਸਾਨਾਂ ਦੀ ਮੌਤ ਦਾ ਵਾਰੰਟ ਦੱਸਿਆ ਤੇ ਕਿਹਾ ਕਿ ਸਾਡੀ ਪਾਰਟੀ ਕਿਸੇ ਵੀ ਕੀਮਤ 'ਤੇ ਬਿੱਲ ਦੇ ਪੱਖ ਵਿੱਚ ਖੜ੍ਹੀ ਨਹੀਂ ਹੋਵੇਗੀ। ਇਨ੍ਹਾਂ ਬਿੱਲਾਂ 'ਤੇ ਸਹਿਮਤੀ ਕਿਸਾਨਾਂ ਦੀ ਮੌਤ ਦੇ ਵਾਰੰਟ 'ਤੇ ਦਸਤਖ਼ਤ ਕਰਨ ਵਾਂਗ ਹੈ। ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦਾ ਵੀ ਮੰਨਣਾ ਹੈ ਕਿ ਇਹ ਬਿੱਲ ਉਨ੍ਹਾਂ ਦੀ ਆਤਮਾ 'ਤੇ ਹਮਲਾ ਹੈ।
ਉੱਥੇ ਹੀ ਕਾਂਗਰਸ ਦੇ ਸਾਂਸਦ ਕੇਸੀ ਵੇਣੂਗੋਪਾਲ ਨੇ ਕਿਹਾ, ਇਹ ਬਹੁਤ ਸਪੱਸ਼ਟ ਹੈ ਕਿ ਇਸ ਸਰਕਾਰ ਦਾ ਮਕਸਦ ਸਾਡੇ ਕਿਸਾਨਾਂ ਨੂੰ ਬਰਬਾਦ ਕਰਨਾ ਹੈ ਤੇ ਕਾਰਪੋਰੇਟ ਘਰਾਣਿਆਂ ਦੀ ਮਦਦ ਕਰਨਾ ਹੈ। ਸਾਡੀ ਪਾਰਟੀ ਨੇ ਖੇਤੀ ਬਿੱਲਾਂ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਹੈ।
ਦੱਸ ਦਈਏ, ਪਿਛਲੇ ਦਿਨੀਂ ਖੇਤੀ ਆਰਡੀਨੈਂਸ ਲੋਕ ਸਭਾ ਵਿੱਚ ਪਾਸ ਕਰਨ ਤੋਂ ਬਾਅਦ ਐਤਵਾਰ ਨੂੰ ਰਾਜ ਸਭਾ ਵਿੱਚ ਪੇਸ਼ ਕੀਤੇ ਗਏ ਹਨ ਜਦ ਕਿਸਾਨ ਇਨ੍ਹਾਂ ਬਿੱਲਾਂ ਦਾ ਪੂਰਜ਼ੋਰ ਵਿਰੋਧ ਕਰ ਰਹੇ ਹਨ।