ਨਵੀਂ ਦਿੱਲੀ: ਦਿਗੱਜ ਬੱਲੇਬਾਜ਼ ਅਤੇ ਸਾਬਕਾ ਰਾਜ ਸਭਾ ਸੰਸਦ ਮੈਂਬਰ ਸਚਿਨ ਤੇਂਦੁਲਕਰ ਦੀ ਸੁਰੱਖਿਆ ਘਟਾ ਦਿੱਤੀ ਗਈ ਹੈ ਜਦਕਿ ਸ਼ਿਵ ਸੈਨਾ ਦੇ ਵਿਧਾਇਕ ਆਦਿੱਤਿਆ ਠਾਕਰੇ ਦੀ ਸੁਰੱਖਿਆ Y+ ਤੋਂ ਵਧਾ ਕੇ Z ਸ਼੍ਰੇਣੀ ਦੀ ਕਰ ਦਿੱਤੀ ਗਈ ਹੈ। ਸਮਾਜ ਸੇਵੀ ਅੰਨਾ ਹਜ਼ਾਰੇ ਦੀ ਸੁਰੱਖਿਆ ਵੀ Y+ ਤੋਂ ਵਧਾ ਕੇ Z ਕੈਟਾਗਰੀ ਦੀ ਕਰ ਦਿੱਤੀ ਗਈ ਹੈ।
ਦੱਸਣਯੋਗ ਹੈ ਕਿ ਸਚਿਨ ਤੇਂਦੁਲਕਰ ਨੂੰ X ਕੈਟਾਗਰੀ ਦੀ ਸੁਰੱਖਿਆ ਦਿੱਤੀ ਜਾ ਰਹੀ ਸੀ ਜਿਸ ਤਹਿਤ 24 ਘੰਟੇ ਇੱਕ ਪੁਲਿਸ ਕਾਂਸਟੇਬਲ ਉਨ੍ਹਾਂ ਦੇ ਨਾਲ ਰਹਿੰਦਾ ਸੀ। ਹੁਣ ਇਸ ਕਵਰ ਨੂੰ ਹਟਾ ਲਿਆ ਗਿਆ ਹੈ। ਹਾਲਾਂਕਿ ਉਨ੍ਹਾਂ ਪੁਲਿਸ ਐਸਕਾਰਟ ਮੁਹੱਈਆ ਕਰਵਾਇਆ ਜਾ ਸਕਦਾ ਹੈ।
ਮਹਾਰਾਸ਼ਟਰ ਸਰਕਾਰ ਦੀ ਸੁਰੱਖਿਆ ਤੈਅ ਕਰਨ ਵਾਲੀ ਕਮੇਟੀ ਨੇ ਮੰਗਲਵਾਰ ਨੂੰ ਵੱਡਾ ਫੈਸਲਾ ਲੈਂਦਿਆਂ 45 ਪ੍ਰਮੁੱਖ ਸ਼ਖਸੀਅਤਾਂ ਦੀ ਸੁਰੱਖਿਆ 'ਚ ਬਦਲਾਅ ਕੀਤਾ ਹੈ, ਜਿਸ 'ਚ ਸਚਿਨ ਤੇਂਦੁਲਕਰ ਅਤੇ ਸੁਨਿਲ ਗਵਾਸਕਰ ਦੇ ਨਾਂਅ ਵੀ ਸ਼ਾਮਿਲ ਹਨ। ਕਮੇਟੀ ਨੇ 97 ਪ੍ਰਸਿੱਧ ਆਗੂਆਂ, ਕਲਾਕਾਰਾਂ ਅਤੇ ਖਿਡਾਰੀਆਂ ਦੀ ਸੁਰੱਖਿਆ ਦੀ ਸਮੀਖਿਆ ਕੀਤੀ ਸੀ, ਜਿਸ ਤੋਂ ਬਾਅਹ ਇਹ ਫ਼ੈਸਲਾ ਲਿਆ ਗਿਆ। ਬੈਠਕ 'ਚ 97 ਲੋਕਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਸੁਰੱਖਿਆ ਦੀ ਸਮੀਖਿਆ ਕੀਤੀ ਗਈ। ਇਸ ਵਿਚ 29 ਲੋਕਾਂ ਦੀ ਸੁਰੱਖਿਆ ਘਟਾ ਦਿੱਤੀ ਗਈ ਹੈ, ਉੱਥੇ ਹੀ 16 ਲੋਕਾਂ ਦੀ ਸੁਰੱਖਿਆ ਹਟਾ ਲਈ ਗਈ ਹੈ।