ਉੱਤਰਾਖੰਡ: ਇੱਥੇ ਦੇ ਉੱਤਰਕਾਸ਼ੀ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਰਾਹਤ ਅਤੇ ਬਚਾਅ ਕਾਰਜ ਵਿੱਚ ਲੱਗਿਆ ਹੈਲੀਕਾਪਟਰ ਕ੍ਰੈਸ਼ ਹੋ ਗਿਆ ਸੀ। ਇਸ ਹਾਦਸੇ ਵਿੱਚ ਪਾਇਲਟ, ਇੰਜੀਨੀਅਰ ਅਤੇ ਏਵੀਏਸ਼ਨ ਕੰਪਨੀ ਦੇ ਸਥਾਨਕ ਪ੍ਰਬੰਧਕ ਰਾਜਪਾਲ ਦੀ ਮੌਤ ਹੋ ਗਈ ਸੀ। ਇਸ ਘਟਨਾ ਤੋਂ ਪਹਿਲਾਂ ਰਾਜਪਾਲ ਨੇ ਫੇਸਬੁੱਕ ਲਾਈਵ ਕੀਤਾ ਸੀ। ਜਿਸ ਵਿੱਚ ਰਾਜਪਾਲ ਦੱਸ ਰਹੇ ਸਨ ਕਿ ਉਹ ਪਾਇਲਟ ਦੇ ਨਾਲ ਕੁਦਰਤੀ ਆਫ਼ਤ ਨਾਲ ਪ੍ਰਭਾਵਿਤ ਇਲਾਕੇ ਲਈ ਰਾਹਤ ਸਮੱਗਰੀ ਲੈ ਕੇ ਜਾ ਰਹੇ ਹਨ।
ਰਾਜਪਾਲ ਨੇ ਇਹ ਵੀਡੀਓ ਹੈਲੀਕਾਪਟਰ ਦੇ ਉਡਾਨ ਭਰਨ ਤੋਂ ਕੁੱਝ ਦੇਰ ਬਾਅਦ ਤੱਕ ਬਣਾਇਆ ਸੀ। ਵੀਡੀਓ ਵਿੱਚ ਰਾਜਪਾਲ ਕਹਿ ਰਹੇ ਹਨ ਕਿ ਉਹ ਪਾਇਲਟ ਨਾਲ ਰਾਹਤ ਸਮੱਗਰੀ ਲੈ ਕੇ ਉੱਤਰਕਾਸ਼ੀ ਦੇ ਆਰਾਕੋਟ ਮਾਕੁੜੀ ਇਲਾਕੇ ਲਈ ਰਵਾਨਾ ਹੋ ਰਹੇ ਹਨ। ਰਾਜਪਾਲ ਜਿਸ ਹੈਲੀਕਾਪਟਰ ਵਿੱਚ ਸਨ, ਉਸਨੇ ਦੇਹਰਾਦੂਨ ਦੇ ਸਹਿਸਤਰਧਾਰਾ ਹੈਲੀਪੈਡ ਤੋਂ ਉਡਾਨ ਭਰੀ ਸੀ, ਪਰ ਰਾਜਪਾਲ ਨੂੰ ਕੀ ਪਤਾ ਸੀ ਕਿ ਇਹ ਉਨ੍ਹਾਂ ਦੀ ਆਖਰੀ ਉਡਾਨ ਹੋਵੇਗੀ।
ਵੀਡੀਓ ਵੇਖਣ ਲਈ ਕਲਿੱਕ ਕਰੋ
ਦੱਸ ਦਈਏ ਕਿ ਬੀਤੇ ਐਤਵਾਰ ਨੂੰ ਉੱਤਰਕਾਸ਼ੀ ਦੀ ਮੋਰੀ ਤਹਿਸੀਲ ਦੇ ਆਰਾਕੋਟ ਅਤੇ ਤਿਊਣੀ ਇਲਾਕੇ ਵਿੱਚ ਬੱਦਲ ਫੱਟ ਗਿਆ ਸੀ। ਜਿਸ ਤੋਂ ਬਾਅਦ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਸਮੱਗਰੀ ਪਹੁੰਚਾਉਣ ਲਈ ਤਿੰਨ ਹੈਲੀਕਾਪਟਰ ਲਗਾਏ ਗਏ ਸਨ। ਜਿਸ ਵਿੱਚ ਬੁੱਧਵਾਰ ਨੂੰ ਰਾਹਤ ਸਮੱਗਰੀ ਵੰਡਕੇ ਵਾਪਸ ਪਰਤ ਰਿਹਾ ਇੱਕ ਹੈਲੀਕਾਪਟਰ ਕ੍ਰੈਸ਼ ਹੋ ਗਿਆ। ਇਸ ਹਾਦਸੇ ਵਿੱਚ ਏਵੀਏਸ਼ਨ ਕੰਪਨੀ ਦੇ ਸਥਾਨਕ ਪ੍ਰਬੰਧਕ ਰਾਜਪਾਲ ਦੀ ਵੀ ਮੌਤ ਹੋ ਗਈ, ਜੋ ਕਿ ਅਗਲੇ ਮਹੀਨੇ ਹੀ ਯਮੁਨੋਤਰੀ ਵਿੱਚ ਆਪਣੀ ਹੈਲੀ ਕੰਪਨੀ ਸ਼ੁਰੂ ਕਰਨ ਵਾਲਾ ਸੀ।