ਚੰਡੀਗੜ੍ਹ: ਸੁਧਾਰਾਂ ਲਈ ਕੰਮ ਕਰਨ ਵਾਲੀ ਸੰਸਥਾ 'ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼' (ਏ.ਡੀ.ਆਰ.) ਵੱਲੋਂ ਕੀਤੇ ਇੱਕ ਵਿਸ਼ਲੇਸ਼ਣ ਵਿੱਚ ਕਿਹਾ ਗਿਆ ਹੈ ਕਿ ਹਰਿਆਣਾ ਦੇ 90 ਨਵੇਂ ਚੁਣੇ ਗਏ ਵਿਧਾਇਕਾਂ ਵਿਚੋਂ 84 ਵਿਧਾਇਕ ਕਰੋੜਪਤੀ ਹਨ।
ਏਡੀਆਰ ਦੀ ਰਿਪੋਰਟ ਮੁਤਾਬਕ, ਵਿਧਾਨ ਸਭਾ ਦੇ 90 ਵਿਧਾਇਕਾਂ ਵਿੱਚੋਂ 75 ਵਿਧਾਇਕਾਂ ਦੀ ਜਾਇਦਾਦ 1 ਕਰੋੜ ਰੁਪਏ ਤੋਂ ਵੱਧ ਸੀ। ਇਸਦਾ ਅਰਥ ਇਹ ਹੈ ਕਿ ਕਰੋੜਪਤੀ ਵਿਧਾਇਕਾਂ ਦੀ ਗਿਣਤੀ ਵਿੱਚ 10 ਪ੍ਰਤੀਸ਼ਤ ਵਾਧਾ ਹੋਇਆ ਹੈ। ਹਰਿਆਣਾ ਵਿੱਚ ਪ੍ਰਤੀ ਮੌਜੂਦਾ ਵਿਧਾਇਕਾਂ ਦੀ ਜਾਇਦਾਦ 18.29 ਕਰੋੜ ਰੁਪਏ ਹੈ ਜਦੋਂ ਕਿ ਸਾਲ 2014 ਵਿੱਚ ਇਹ 12.97 ਕਰੋੜ ਰੁਪਏ ਸੀ।
ਏਡੀਆਰ ਦੇ ਵਿਸ਼ਲੇਸ਼ਣ ਮੁਤਾਬਕ ਭਾਜਪਾ ਦੇ 40 ਵਿਧਾਇਕਾਂ ਵਿਚੋਂ 37 ਅਤੇ ਕਾਂਗਰਸ ਦੇ 31 ਵਿਧਾਇਕਾਂ ਵਿਚੋਂ 29 ਕਰੋੜਪਤੀ ਹਨ। ਦੁਸ਼ਯੰਤ ਚੌਟਾਲਾ ਦੀ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੇ 10 ਵਿਧਾਇਕ ਸੱਭ ਤੋਂ ਵੱਧ ਅਮੀਰ ਹਨ, ਜਿਨ੍ਹਾਂ ਦੀ ਜਾਇਦਾਦ 25.26 ਕਰੋੜ ਰੁਪਏ ਹੈ। ਰਿਪੋਰਟ ਮੁਤਾਬਕ 57 ਵਿਧਾਇਕਾਂ ਦੀ ਉਮਰ 41 ਤੋਂ 50 ਸਾਲ ਦੇ ਵਿਚਾਲੇ ਹੈ, 62 ਵਿਧਾਇਕਾਂ ਦੀ ਗ੍ਰੈਜੂਏਸ਼ਨ ਜਾਂ ਇਸ ਤੋਂ ਉਪਰ ਦੀਆਂ ਡਿਗਰੀਆਂ ਹਨ।
ਇਸ ਤੋਂ ਇਲਾਵਾ 90 ਵਿਧਾਇਕਾਂ ਵਿੱਚੋਂ 12 ਵਿਧਾਇਕਾਂ 'ਤੇ ਅਪਰਾਧਿਕ ਮਾਮਲੇ ਦਰਜ ਹਨ, ਜਦੋਂਕਿ ਬਾਹਰਲੀ ਵਿਧਾਨ ਸਭਾ ਵਿੱਚ ਅਜਿਹੇ ਵਿਧਾਇਕਾਂ ਦੀ ਗਿਣਤੀ 9 ਹੈ। ਇਸ ਮੁਤਾਬਕ ਅਪਰਾਧਿਕ ਕੇਸਾਂ ਦਾ ਸਾਹਮਣਾ ਕਰ ਰਹੇ 4 ਵਿਧਾਇਕ ਕਾਂਗਰਸ ਦੇ, 2 ਭਾਜਪਾ ਦੇ ਅਤੇ 1 ਜੇਜੇਪੀ ਦੇ ਹਨ।