ਨਵੀਂ ਦਿੱਲੀ : ਸ਼੍ਰੀਲੰਕਾ 'ਚ ਬੰਬ ਧਮਾਕਿਆਂ ਦੌਰਾਨ ਤਿੰਨ ਭਾਰਤੀ ਨਾਗਰਿਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਗੱਲ ਦੀ ਪੁਸ਼ਟੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕੀਤੀ ਹੈ।
ਵਿਦੇਸ਼ ਮੰਤਰੀ ਨੇ ਇਸ ਗੱਲ ਦੀ ਜਾਣਕਾਰੀ ਟਵੀਟ ਰਾਹੀਂ ਦਿੱਤੀ ਹੈ। ਉਨ੍ਹਾਂ ਟਵੀਟ ਕਰਕੇ ਮ੍ਰਿਤਕਾਂ ਦੀ ਪਛਾਣ ਦੱਸੀ। ਉਨ੍ਹਾਂ ਲਿਖਿਆ ਕਿ ਕੋਲੰਬੋ 'ਚ ਭਾਰਤੀ ਹਾਈ ਕਮਿਸ਼ਨਰ ਨੇ ਉਨ੍ਹਾਂ ਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਨੈਸ਼ਨਲ ਹਸਪਤਾਲ ਨੇ ਉਨ੍ਹਾਂ ਨੂੰ ਤਿੰਨ ਭਾਰਤੀ ਲੋਕਾਂ ਦੀ ਮੌਤ ਬਾਰੇ ਸੂਚਿਤ ਕੀਤਾ ਹੈ। ਮ੍ਰਿਤਕਾਂ ਦੀ ਪਛਾਣ ਲਕਛਮੀ, ਨਰਾਇਣ ਚੰਦਰਸ਼ੇਖਰ ਅਤੇ ਰਮੇਸ਼ ਵਜੋਂ ਹੋਈ ਹੈ।
ਸੁਸ਼ਮਾ ਸਵਰਾਜ ਨੇ ਇੱਕ ਹੋਰ ਟਵੀਟ ਕਰਦਿਆਂ ਲਿਖਿਆ ਕਿ ਭਾਰਤ ਸਰਕਾਰ ਸ਼੍ਰੀਲੰਕਾ ਦੇ ਵਿਦੇਸ਼ ਮੰਤਰਾਲੇ ਨਾਲ ਲਗਾਤਾਰ ਸੰਪਰਕ ਵਿੱਚ ਹਨ। ਭਾਰਤ ਸਰਕਾਰ ਸ਼੍ਰੀਲੰਕਾ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਲਈ ਤਿਆਰ ਹੈ।
ਜ਼ਿਕਰਯੋਗ ਹੈ ਕਿ ਸ਼੍ਰੀਲੰਕਾ 'ਚ ਈਸਟਰ ਮੌਕੇ ਚਰਚ ਸਣੇ ਕਈ ਥਾਵਾਂ 'ਤੇ ਬੰਬ ਧਮਾਕੇ ਹੋਏ ਸਨ। ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਲੋਕ ਈਸਟਰ ਦੀ ਪ੍ਰਾਰਥਨਾ ਕਰਨ ਲਈ ਚਰਚ ਵਿੱਚ ਇਕੱਠੇ ਹੋਏ ਸਨ। ਹਸਪਤਾਲ ਦੇ ਸੂਤਰਾਂ ਮੁਤਾਬਕ ਮ੍ਰਿਤਕਾਂ ਦੀ ਗਿਣਤੀ ਵਧ ਕੇ 215 ਗਈ ਹੈ ਅਤੇ 500 ਤੋਂ ਵੱਧ ਲੋਕ ਜ਼ਖ਼ਮੀ ਹਨ। ਇਨ੍ਹਾਂ ਵਿੱਚ 33 ਵਿਦੇਸ਼ੀ ਨਾਗਰਿਕ ਵੀ ਮਾਰੇ ਗਏ ਹਨ ਤੇ ਤਿੰਨ ਭਾਰਤੀ ਨਾਗਰਿਕ ਵੀ ਸ਼ਾਮਲ ਹਨ।