ਨਵੀਂ ਦਿੱਲੀ: ਭਾਰਤ ਸਰਕਾਰ ਵੱਲੋਂ ਤਾਲਾਬੰਦੀ ਦੇ ਦੌਰਾਨ ਦੂਜੇ ਸੂਬਿਆਂ 'ਚ ਫਸੇ ਸ਼ਰਧਾਲੂ, ਵਿਦਿਆਰਥੀ, ਮਜ਼ਦੂਰ ਅਤੇ ਸੈਲਾਨੀਆਂ ਨੂੰ ਕੱਢਣ ਲਈ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ ਤੇ ਵਿਸ਼ੇਸ਼ ਬੱਸਾਂ ਅਤੇ ਰੇਲਗੱਡੀਆਂ ਵੀ ਚਲਾਈਆਂ ਜਾ ਰਹੀਆਂ ਹਨ। ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਮਜ਼ਦੂਰ ਤੇ ਵਿਦਿਆਰਥੀ ਆਪੋ- ਆਪਣੇ ਸੂਬਿਆਂ 'ਚ ਪਹੁੰਚ ਰਹੇ ਹਨ। ਦਿੱਲੀ ਦੇ ਗੁਰਦੁਆਰਾ ਮਜਨੂੰ ਕਾ ਟੀਲਾ ਤੋਂ ਬਾਅਦ ਨਹਿਰੂ ਵਿਹਾਰ ਇਕਾਂਤ ਵਾਸ 'ਚ ਫਸੇ ਪੰਜਾਬ ਦੇ ਲੋਕਾਂ ਦੀ ਵਾਪਸੀ ਦੀ ਉਮੀਦ ਜਾਗੀ ਹੈ, ਪਰ ਮਹਾਰਾਸ਼ਟਰ ਦੇ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਤੋਂ ਬਾਅਦ ਪੰਜਾਬ ਵਿੱਚ ਵੱਧ ਰਹੇ ਕਰੋਨਾ ਵਾਇਰਸ ਦੇ ਕੇਸਾਂ ਨੇ ਕਈ ਸਵਾਲ ਵੀ ਖੜ੍ਹੇ ਕਰ ਦਿੱਤੇ ਹਨ।

200 ਤੋਂ ਵੱਧ ਇਹ ਸ਼ਰਧਾਲੂ ਤਾਲਾਬੰਦੀ ਤੋਂ ਬਾਅਦ ਦਿੱਲੀ ਦੇ ਮਜਨੂੰ ਕਾ ਟੀਲਾ ਵਿੱਚ ਸ਼ਰਨ ਲੈਣ ਲਈ ਪੁੱਜੇ ਸਨ। ਦੋ ਅਪ੍ਰੈਲ ਨੂੰ ਦਿੱਲੀ ਪੁਲਿਸ ਨੇ ਇਨ੍ਹਾਂ ਨੂੰ ਨਹਿਰੂ ਵਿਹਾਰ ਇਕਾਂਤ ਵਾਸ ਵਿੱਚ 14 ਦਿਨ ਦੇ ਲਈ ਭੇਜ ਦਿੱਤਾ ਸੀ। ਇਕਾਂਤਵਾਸ ਪੂਰਾ ਹੋਣ ਤੋਂ ਬਾਅਦ ਤਾਲਾਬੰਦੀ 17 ਮਈ ਤੱਕ ਵਧਣ ਕਰਕੇ ਇਹ ਸ਼ਰਧਾਲੂ ਆਪਣੇ ਘਰ ਨਹੀਂ ਜਾ ਸਕੇ। ਬੁੱਧਵਾਰ ਨੂੰ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੀ ਨਵੇਂ ਗਾਈਡਲਾਈਨ ਮੁਤਾਬਕ ਹੁਣ ਇਹ ਲੋਕ ਆਪਣੇ ਘਰ ਜਾ ਸਕਦੇ ਹਨ।

ਇਨ੍ਹਾਂ ਸ਼ਰਧਾਲੂਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਦਿੱਲੀ 'ਚ ਫਸੇ ਹੋਏ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਪੰਜਾਬ 'ਚ ਉਨ੍ਹਾਂ ਦੀ ਕਣਕ ਦੀ ਵਾਢੀ ਹੋਣੀ ਹੈ ਤੇ ਇਨ੍ਹਾਂ 200 ਲੋਕਾਂ 'ਚ ਕੁਝ ਬੱਚੇ, ਬਜ਼ੁਰਗ ਸਣੇ ਗਰਭਵਤੀ ਔਰਤਾਂ ਵੀ ਸ਼ਾਮਿਲ ਹਨ। ਇਨ੍ਹਾਂ ਸ਼ਰਧਾਲੂਆਂ ਨੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਇਨ੍ਹਾਂ ਦੀ ਘਰ ਵਾਪਸੀ ਦੇ ਪ੍ਰਬੰਧ ਕੀਤੇ ਜਾਣ। ਇਕ ਸ਼ਰਧਾਲੂ ਨੇ ਦੱਸਿਆ ਕਿ ਦਿੱਲੀ ਸਰਕਾਰ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਨੂੰ ਭੇਜਣ ਲਈ ਤਿਆਰ ਹਨ ਪਰ ਪੰਜਾਬ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਮਿਲ ਰਿਹਾ।