ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਸੋਮਵਾਰ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਇੱਕ ਕੇਸ ਵਿੱਚ ਦੋਸ਼ੀ ਨਰੇਸ਼ ਸਹਿਰਾਵਤ ਦੀ ਉਮਰ ਕੈਦ ਦੀ ਸਜ਼ਾ 12 ਹਫ਼ਤਿਆਂ ਲਈ ਮੁਅੱਤਲ ਕਰ ਦਿੱਤੀ ਕਿਉਂਕਿ ਉਹ ਗੁਰਦੇ ਦੀ ਗੰਭੀਰ ਬਿਮਾਰੀ ਤੋਂ ਪੀੜਤ ਹੈ ਅਤੇ ਕੋਵਿਡ-19 ਵਰਗੀ ਬਿਮਾਰੀ ਦਾ ਆਸਾਨੀ ਨਾਲ ਸ਼ਿਕਾਰ ਹੋ ਸਕਦਾ ਹੈ।
ਜਸਟਿਸ ਮਨਮੋਹਨ ਅਤੇ ਜਸਟਿਸ ਸੰਜੀਵ ਨਰੂਲਾ ਦੀ ਬੈਂਚ ਨੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਸੁਣਵਾਈ ਕਰਦਿਆਂ ਇਹ ਫ਼ੈਸਲਾ ਦੋਸ਼ੀ ਨਰੇਸ਼ ਸਹਿਰਾਵਤ ਦੀ ਉਸ ਪਟਿਸ਼ਨ 'ਤੇ ਸੁਣਾਇਆ ਜਿਸ ਵਿੱਚ ਉਸ ਨੇ ਕਿਡਨੀ ਅਤੇ ਲਿਵਰ ਟਰਾਂਸਪਲਾਂਟ ਦੀ ਤੁਰੰਤ ਲੋੜ ਦੱਸਦਿਆਂ ਤਿੰਨ ਮਹੀਨਿਆਂ ਲਈ ਸਜ਼ਾ ਦੀ ਅੰਤ੍ਰਿਮ ਮੁਅੱਤਲੀ ਦੀ ਮੰਗ ਕੀਤੀ ਸੀ। ਬੈਂਚ ਨੇ ਦੋਸ਼ੀ ਨੂੰ ਹਰ 20 ਹਜ਼ਾਰ ਰੁਪਏ ਦਾ ਨਿੱਜੀ ਮੁਚੱਲਕਾ ਅਤੇ ਜ਼ਮਾਨਤੀ ਬਾਂਡ ਪੇਸ਼ ਕਰਨ ਲਈ ਕਿਹਾ ਹੈ।
ਇਸ ਤੋਂ ਪਹਿਲਾਂ ਜੇਲ੍ਹ ਪ੍ਰਸ਼ਾਸਨ ਨੂੰ ਦੋਸ਼ੀ ਨੂੰ ਆਈਐਲਬੀਐਸ ਹਸਪਤਾਲ ਲਿਜਾਣ ਅਤੇ ਤਿੰਨ ਦਿਨਾਂ ਦੇ ਅੰਦਰ ਉਸ ਦਾ ਡਾਕਟਰੀ ਚੈਕਅੱਪ ਕਰਾਉਣ ਦੇ ਨਿਰਦੇਸ਼ ਦਿੱਤੇ ਸਨ। ਅਦਾਲਤ ਨੇ ਦਿੱਲੀ ਸਰਕਾਰ ਅਤੇ ਐਸਆਈਟੀ ਨੂੰ ਨੋਟਿਸ ਜਾਰੀ ਕਰਦਿਆਂ ਸਥਿਤੀ ਦੀ ਰਿਪੋਰਟ ਦਾਖ਼ਲ ਕਰਨ ਦੇ ਨਿਰਦੇਸ਼ ਦਿੱਤੇ ਸਨ।
26 ਮਈ ਨੂੰ ਸੁਣਵਾਈ ਦੌਰਾਨ ਜੇਲ੍ਹ ਪ੍ਰਸ਼ਾਸਨ ਨੇ ਅਦਾਲਤ ਨੂੰ ਦੱਸਿਆ ਸੀ ਕਿ ਉਹ ਨਰੇਸ਼ ਸਹਿਰਾਵਤ ਨੂੰ ਮੈਡੀਕਲ ਜਾਂਚ ਲਈ ਆਈਐਲਬੀਐਸ ਹਸਪਤਾਲ ਲੈ ਗਏ ਸੀ ਪਰ ਉਸਦਾ ਚੈੱਕਅਪ ਨਹੀਂ ਹੋ ਸਕਿਆ। ਆਈਐਲਬੀਐਸ ਹਸਪਤਾਲ ਨੇ 27 ਮਈ ਨੂੰ ਚੈਕਅਪ ਲਈ ਅਪੌਇੰਟਮੈਂਟ ਤੈਅ ਕੀਤੀ ਸੀ।
ਜ਼ਿਕਰਯੋਗ ਹੈ ਕਿ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਨਵੰਬਰ 2018 ਵਿੱਚ ਨਰੇਸ਼ ਸਹਿਰਾਵਤ ਨੂੰ ਉਮਰ ਕੈਦ ਅਤੇ ਯਸ਼ਪਾਲ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। ਦੋਹਾਂ ਨੂੰ 1984 ਵਿੱਚ ਦਿੱਲੀ ਦੇ ਮਹਿਪਾਲਪੁਰ ਖੇਤਰ ਵਿੱਚ ਹਰਦੇਵ ਸਿੰਘ ਅਤੇ ਅਵਤਾਰ ਸਿੰਘ ਨੂੰ ਮਾਰਨ ਦੇ ਦੋਸ਼ ਹੇਠ ਦੋਸ਼ੀ ਠਹਿਰਾਇਆ ਗਿਆ ਸੀ।