ਨਵੀਂ ਦਿੱਲੀ: ਕੋਰੋਨਾ ਵਾਇਰਸ ਨੇ ਵਿਸ਼ਵ ਭਰ ਵਿੱਚ ਦਹਿਸ਼ਤ ਫੈਲਾਈ ਹੋਈ ਹੈ। ਭਾਰਤ ਵਿੱਚ ਹੁਣ ਤੱਕ 126 ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋ ਗਈ ਹੈ। ਇਨ੍ਹਾਂ ਵਿੱਚੋਂ 3 ਦੀ ਮੌਤ ਵੀ ਹੋ ਚੁੱਕੀ ਹੈ।
ਕੋਰੋਨਾ ਦਾ ਖ਼ੌਫ ਇੰਨਾ ਵੱਧ ਗਿਆ ਹੈ ਕਿ ਲਗਭਗ ਪੂਰੇ ਭਾਰਤ ਵਿੱਚ ਸਕੂਲ, ਕਾਲਜ, ਜਿਮ, ਕਲੱਬ ਤੇ ਸਿਨੇਮਾ ਘਰ 31 ਮਾਰਚ ਤੱਕ ਬੰਦ ਕਰ ਦਿੱਤੇ ਗਏ ਹਨ। ਇੰਨਾ ਹੀ ਨਹੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੀ 31 ਮਾਰਚ ਤੱਕ ਬੰਦ ਕਰ ਦਿੱਤਾ ਗਿਆ ਹੈ। ਸਿਰਫ ਜ਼ਰੂਰੀ ਮਾਮਲਿਆਂ ਉੱਤੇ ਹੀ ਸੁਣਵਾਈ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਭਾਰਤ ਨੇ ਤਿੰਨ ਦੇਸ਼ਾਂ ਅਫ਼ਗਾਨਿਸਤਾਨ, ਮਲੇਸ਼ੀਆ ਅਤੇ ਫੀਲੀਪਿਨਸ ਉੱਤੇ ਪਾਬੰਦੀ ਲਗਾ ਦਿੱਤੀ ਹੈ। ਕੋਈ ਵੀ ਉਡਾਣ ਇਨ੍ਹਾਂ ਦੇਸ਼ਾਂ ਤੋਂ ਭਾਰਤ ਲਈ ਨਹੀਂ ਆਵੇਗੀ।
ਦੱਸ ਦਈਏ ਕਿ ਹੁਣ ਤੱਕ ਵਿਸ਼ਵ ਭਰ ਵਿੱਚ ਕੋਰੋਨਾ ਵਾਇਰਸ ਕਾਰਨ 7 ਹਜ਼ਾਰ ਤੋਂ ਵੀ ਜ਼ਿਆਦਾ ਲੋਕ ਆਪਣੀ ਜਾਨ ਗਵਾ ਚੁੱਕੇ ਹਨ। 1 ਲੱਖ 80 ਹਜ਼ਾਰ ਤੋਂ ਵੀ ਜ਼ਿਆਦਾ ਲੋਕ ਇਸ ਵਾਇਰਸ ਨਾਲ ਪੀੜਤ ਹਨ।
ਇਹ ਵਾਇਰਸ ਚੀਨ ਦੇ ਵੁਹਾਨ ਤੋਂ ਫੈਲਿਆ ਤੇ ਹੁਣ ਹੌਲੀ-ਹੌਲੀ ਹੋਰਨਾਂ ਦੇਸ਼ਾਂ ਵਿੱਚ ਵੀ ਫ਼ੈਲਦਾ ਜਾ ਰਿਹਾ ਹੈ। ਅਜੇ ਤੱਕ ਕਿਸੇ ਵੀ ਦੇਸ਼ ਵੱਲੋਂ ਇਸ ਬੀਮਾਰੀ ਦਾ ਇਲਾਜ ਨਹੀਂ ਲੱਭਿਆ ਜਾ ਸਕਿਆ ਹੈ। ਪੂਰੀ ਦੁਨੀਆ ਇਸ ਬਿਮਾਰੀ ਅੱਗੇ ਲਾਚਾਰ ਹੈ।