ਨਵੀਂ ਦਿੱਲੀ: ਲੱਦਾਖ ਵਿੱਚ ਚੀਨੀ ਫ਼ੌਜ ਨਾਲ ਹੋਏ ਤਾਜ਼ਾ ਵਿਵਾਦ ਤੋਂ ਬਾਅਦ ਸਰਕਾਰ ਨੇ ਪਬਜੀ ਸਣੇ 118 ਹੋਰ ਚੀਨੀ ਮੋਬਾਈਲ ਐਪਲੀਕੇਸ਼ਨਾਂ ਨੂੰ ਬੈਨ ਕਰ ਦਿੱਤਾ ਹੈ। ਸਰਕਾਰ ਵੱਲੋਂ ਪਹਿਲਾਂ ਵੀ ਚੀਨੀ ਐਪਸ 'ਤੇ ਪਾਬੰਦੀ ਲਗਾਈ ਗਈ ਸੀ।
ਸਰਕਾਰ ਨੇ ਹਾਲ ਹੀ ਵਿੱਚ 59 ਚੀਨੀ ਐਪਸ ਨੂੰ ਬੈਨ ਕੀਤਾ ਸੀ, ਜਿਨ੍ਹਾਂ ਵਿੱਚ ਮਸ਼ਹੂਰ ਐਪ ਟਿਕ ਟੌਕ ਵੀ ਸ਼ਾਮਲ ਸੀ। ਉਸ ਤੋਂ ਬਾਅਦ ਸਰਕਾਰ ਨੇ 47 ਹੋਰ ਐਪਸ ਬੈਨ ਕੀਤੀਆਂ ਸੀ।
ਆਈਟੀ ਮੰਤਰਾਲੇ ਦੇ ਅਨੁਸਾਰ ਇਹ ਐਪਸ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਹਨ ਜੋ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ, ਭਾਰਤ ਦੀ ਰੱਖਿਆ ਪ੍ਰਤੀ ਪੱਖਪਾਤ ਕਰਦੀਆਂ ਹਨ।
ਮੰਤਰਾਲੇ ਨੇ ਕਿਹਾ ਕਿ ਇਸ ਨੂੰ ਵੱਖ-ਵੱਖ ਸਰੋਤਾਂ ਤੋਂ ਬਹੁਤ ਸਾਰੀਆਂ ਸ਼ਿਕਾਇਤਾਂ ਮਿਲੀਆਂ ਹਨ ਜਿਨ੍ਹਾਂ ਵਿੱਚ ਐਂਡਰਾਇਡ ਅਤੇ ਆਈਓਐਸ ਪਲੈਟਫਾਰਮਸ 'ਤੇ ਉਪਲੱਬਧ ਕੁਝ ਮੋਬਾਈਲ ਐਪਸ ਦੀ ਦੁਰਵਰਤੋਂ ਕਰਦਿਆਂ ਉਪਭੋਗਤਾਵਾਂ ਦਾ ਡਾਟਾ ਚੋਰੀ ਕਰਨ ਅਤੇ ਅਣਅਧਿਕਾਰਤ ਢੰਗ ਨਾਲ ਦੇਸ਼ ਤੋਂ ਬਾਹਰਲੇ ਸਥਾਨਾਂ 'ਤੇ ਭੇਜਣ ਦੀਆਂ ਰਿਪੋਰਟਾਂ ਸ਼ਾਮਲ ਹਨ।