ਨਵੀਂ ਦਿੱਲੀ: ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ 'ਚ ਲਗਾਤਾਰ ਕਿਸਾਨ ਅੰਦੋਲਨ ਜਾਰੀ ਹੈ। 26 ਜਨਵਰੀ ਨੂੰ ਦਿੱਲੀ ਵਿਖੇ ਵਾਪਰੀ ਹਿੰਸਾ ਤੇ ਸ਼ੁੱਕਰਵਾਰ ਨੂੰ ਹੰਗਾਮ ਦੇ ਬਾਅਦ ਵੀ ਦਿੱਲੀ ਦੇ ਟਿਕਰੀ ਬਾਰਡਰ, ਸਿੰਘੂ ਬਾਰਡਰ ਤੇ ਕੁੰਢਲੀ ਬਾਰਡਰ 'ਤੇ ਧਰਨਾ ਜਾਰੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਾ ਇੱਕ ਬਿਆਨ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ 'ਚ ਉਹ 26 ਜਨਵਰੀ ਤੋਂ ਲਾਪਤਾ ਮੋਗਾ ਦੇ 11 ਨੌਜਵਾਨ ਦੇ ਤਿਹਾੜ ਜੇਲ੍ਹ 'ਚ ਬੰਦ ਹੋਣ ਬਾਰੇ ਦੱਸ ਰਹੇ ਹਨ।
ਇਸ ਬਾਰੇ ਦੱਸਦੇ ਹੋਏ ਵੀਡੀਓ 'ਚ ਡੀਐਸਜੀਐਸੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਮੈਂ ਦਿੱਲੀ ਹਿੰਸਾ ਦੇ ਦੌਰਾਨ ਮੋਗਾ ਦੇ 11 ਨੌਜਵਾਨ ਲਾਪਤਾ ਹੋ ਗਏ ਹਨ। ਉਨ੍ਹਾਂ ਕਿਹਾ, "ਮੈਂ ਦਿੱਲੀ ਦੇ ਜੁਆਇੰਟ ਪੁਲਿਸ ਕਮਿਸ਼ਨਰ ਨਾਲ ਗੱਲ ਕਰਕੇ ਇਸ ਬਾਰੇ ਜਾਣਕਾਰੀ ਹਾਸਲ ਕੀਤੀ ਹੈ। ਇਨ੍ਹਾਂ ਨੌਜਵਾਨਾਂ ਨੂੰ ਨਾਗਪੁਰ ਪੁਲਿਸ ਸਟੇਸ਼ਨ ਤੋਂ ਗ੍ਰਿਫ਼ਤਾਰ ਕਰਕੇ ਤਿਹਾੜ ਜੇਲ੍ਹ 'ਚ ਭੇਜ ਦਿੱਤਾ ਗਿਆ ਹੈ।"
ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਸੇ ਤਰ੍ਹਾਂ ਉਨ੍ਹਾਂ ਨੇ ਦਿੱਲੀ ਦੇ ਹਸਪਤਾਲਾਂ 'ਚ ਵੀ ਆਪਣੀ ਟੀਮ ਭੇਜੀ ਸੀ। ਜਿਥੋਂ ਮਹਿਜ਼ ਇੱਕ ਨੌਜਵਾਨ ਬਾਰੇ ਜਾਣਕਾਰੀ ਪ੍ਰਾਪਤ ਹੋਈ ਹੈ। ਉਸ ਨੂੰ ਗੋਲੀ ਲੱਗੀ ਸੀ ਤੇ ਉਹ ਜ਼ੇਰੇ ਇਲਾਜ ਹਸਪਤਾਲ 'ਚ ਹੈ।
ਦੱਸਣਯੋਗ ਹੈ ਕਿ 26 ਜਨਵਰੀ ਨੂੰ ਕਿਸਾਨਾਂ ਵੱਲੋਂ ਟਰੈਕਟਰ ਰੈਲੀ ਕੱਢੀ ਗਈ। ਇਸ ਦੌਰਾਨ ਲਾਲ ਕਿੱਲ੍ਹੇ ਸਣੇ ਕਈ ਥਾਵਾਂ 'ਤੇ ਹਿੰਸਕ ਘਟਾਨਾਵਾਂ ਵਾਪਰੀਆਂ ਸਨ, ਜਿਸ ਕਈ ਕਿਸਾਨ ਤੇ ਨੌਜਵਾਨ ਲਾਪਤਾ ਹੋ ਗਏ ਸਨ।