ਚੰਡੀਗੜ੍ਹ: ਪੰਜਾਬ ਦੇ ਵਿੱਚ ਅਗਲੇ ਸਾਲ ਜੋ ਵਿਧਾਨ ਸਭਾ ਚੋਣਾਂ (Assembly elections) ਹੋਣ ਵਾਲੀਆਂ ਹਨ ਹਰ ਇੱਕ ਪਾਰਟੀ ਵੱਲੋਂ ਪੂਰੀ ਤਿਆਰੀ ਕੀਤੀਆਂ ਜਾ ਰਹੀਆਂ ਹਨ ਕਿ ਕਿਵੇਂ ਲੋਕਾਂ ਵਿੱਚ ਜਾ ਕੇ ਆਪਣਾ ਪ੍ਰਚਾਰ ਤੇ ਪ੍ਰਸਾਰ ਕੀਤਾ ਜਾਵੇ ਪਰ ਜੇ ਗੱਲ ਕੀਤੀ ਜਾਵੇ ਕਾਂਗਰਸ ਸਰਕਾਰ ਦੀ ਤਾਂ ਉਸਦਾ ਕਲੇਸ਼ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਇਸ ਵਿਸ਼ੇ ਤੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨਾਲ ਈਟੀਵੀ ਭਾਰਤ ਦੀ ਵਿਸ਼ੇਸ਼ ਗੱਲਬਾਤ....
ਕਾਂਗਰਸ ਦੇ ਚੱਲ ਰਹੇ ਕਲੇਸ਼ ਨੂੰ ਲੈ ਕੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ (BJP president Ashwani Sharma) ਦਾ ਕਹਿਣਾ ਹੈ ਕਿ ਕਾਂਗਰਸ ਅੰਦਰ ਸੱਤਾ ਦਾ ਕਲੇਸ਼ ਹੈ ਅਤੇ ਕੁਰਸੀ ਦੇ ਕਲੇਸ਼ ਹੈ। ਪਰ ਸ਼ਬਦਾਂ ਨਾਲ ਖੇਡ ਕੇ ਉਸਨੂੰ ਸਿਧਾਂਤਾਂ ਦਾ ਬਹਾਨਾ ਬਣਾਇਆ ਜਾਂਦਾ ਹੈ ਪਰ ਪੰਜਾਬੀਆਂ ਨੇ ਬੜ੍ਹਾ ਨੇੜਿਓ ਇਹ ਸਾਰਾ ਘਟਨਾਕ੍ਰਮ ਦੇਖਿਆ ਹੈ ਕਿ ਜਦੋਂ ਕੈਪਟਨ ਦੇ ਬਦਲਣ ਦੀ ਗੱਲ ਆਈ ਤਾਂ ਕਿਸ ਤਰ੍ਹਾਂ 24 ਘੰਟੇ ਟੀਵੀ ਤੇ ਚੱਲਦਾ ਰਿਹਾ ਕਿ ਸਵੇਰੇ ਇੱਕ ਮੁੱਖ ਮੰਤਰੀ ਸੀ ਦੁਪਿਹਰੇ ਦੂਜਾ ਬਣਾ ਦਿੱਤਾ ਗਿਆ ਅਤੇ ਸ਼ਾਮ ਨੂੰ ਢੋਲ-ਢਮੱਕੇ ਵਜਣ ਲੱਗ ਗਏ ਤੇ ਵਧਾਈਆਂ ਮਿਲਣ ਲੱਗ ਗਈਆਂ।
ਇਹ ਸਾਰੀਆਂ ਗੱਲਾਂ ਇਸ ਗੱਲ ਦਾ ਸੰਕੇਤ ਹਨ ਕਿ ਕਾਂਗਰਸ ਅੰਤਰ ਸੱਤਾ ਨੂੰ ਲੈ ਕੇ ਕੁਰਸੀ ਦੀ ਲੜਾਈ ਸਿਖ਼ਰ 'ਤੇ ਹੈ। ਮੈਂ ਉਸ ਵੇਲੇ ਵੀ ਕਿਹਾ ਸੀ ਕਿ ਚੰਨੀ ਕਾਂਗਰਸ ਦੀ ਪਸੰਦ ਨਹੀਂ ਹੈ ਅਤੇ ਕਾਂਗਰਸ ਨੇ ਬਾਅਦ ਚ ਟਢੋਰਾ ਪਿੱਟਿਆ ਕਿ ਦਲਿਤ ਮੁੱਖ ਮੰਤਰੀ ਬਣਾ ਦਿੱਤਾ, ਜੇ ਬਣਾ ਦਿੱਤਾ ਤਾਂ ਉਸਨੂੰ ਚੱਲਣ ਤਾਂ ਦਿਓ ਬੇਚਾਰੇ ਨੂੰ ਪਰ ਨਹੀਂ। ਇੱਕ ਮੁੱਖ ਮੰਤਰੀ ਦੇ ਜਿਹੜ੍ਹੇ ਸਵਿਧਾਨਿਕ ਅਧਿਕਾਰ ਨੇ ਜੇ ਉਹ ਉਸਨੂੰ ਪੂਰੇ ਨਹੀਂ ਕਰਨ ਦਿੱਤੇ ਜਾਣਗੇ, ਜੇਕਰ ਉਹ ਫੈਸਲਾ ਹੀ ਨਹੀਂ ਲੈ ਪਾਉਣਗੇ ਤਾਂ ਫਿਰ ਕਿਸ ਤਰ੍ਹਾਂ ਦੀ ਸਰਕਾਰ ਹੈ ਇਸ ਗੱਲ ਤੋਂ ਹੀ ਸਮਝ ਲੈਣਾ ਚਾਹੀਦਾ ਹੈ।
ਬਾਕੀ ਰਹੀ ਗੱਲ ਉਨ੍ਹਾਂ ਦੇ ਪ੍ਰਧਾਨ ਦੀ ਉਸ ਨੂੰ ਲੱਗਦਾ ਸੀ ਕਿ ਕੈਪਟਨ ਨੂੰ ਚੱਲਦਾ ਕਰ ਕੇ ਮੇਰੀ ਵਾਰੀ ਆ ਜਾਣੀ ਹੈ ਅਤੇ ਉਹ ਵਾਰੀ ਉਸਦੀ ਆਈ ਨੀ ਜਿਸ ਕਰਕੇ ਇਹ ਲੜਾਈ ਚੱਲ ਰਹੀ ਹੈ ਅਤੇ ਇਹ ਲੜਾਈ ਰੁਕਣ ਵਾਲੀ ਨਹੀਂ ਹੈ।
ਸ਼ਰਮਾ ਨੇ ਅੱਗੇ ਕਿਹਾ ਕਿ ਕੈਪਟਨ ਸਾਹਿਬ ਨੇ ਕੇਂਦਰੀ ਮੰਤਰੀ ਅਮਿਤ ਸਾਹ ਨਾਲ ਮੁਲਾਕਾਤ ਤਾਂ ਕੀ ਕੀਤੀ ਲੋਕਾਂ ਨੇ ਉਨ੍ਹਾਂ ਬਾਰੇ ਤਰ੍ਹਾਂ-ਤਰ੍ਹਾਂ ਅਫ਼ਵਾਹਾਂ ਫੈਲਾ ਦਿੱਤੀਆਂ ਹਨ ਕਿ ਉਹ ਕਾਂਗਰਸ ਛੱਡ ਕੇ ਬੀਜੇਪੀ ਨਾਲ ਰਲਣਗੇ। ਉਨ੍ਹਾਂ ਕਿਹਾ ਕਿ ਕੈਪਟਨ ਨੇ ਬਾਹਰ ਆ ਕੇ ਸਾਰੀ ਗੱਲ ਦੱਸ ਦਿੱਤੀ ਕਿ ਉਨ੍ਹਾਂ ਕਿਸਾਨੀ ਮੁੱਦੇ 'ਤੇ ਗੱਲ ਕੀਤੀ ਹੈ।
ਫਿਰ ਵੀ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ, ਬਾਕੀ ਰਹੀ ਗੱਲ ਕਾਂਗਰਸ ਛੱਡਣ ਦੀ ਇਹ ਉਨ੍ਹਾਂ ਦਾ ਆਪਣਾ ਫੈਸਲਾ ਹੈ, ਬਾਕੀ ਉਹ ਕੀ ਕਰਨਗੇ ਉਹ ਖ਼ੁਦ ਇਸ ਬਾਰੇ ਸੋਚਣਗੇ। ਸ਼ਰਮਾਂ ਨੇ ਕਿਹਾ ਕਿ ਕੈਪਟਨ ਦਾ ਰਾਜਨੀਤਿਕ ਜੀਵਨ ਬਹੁਤ ਵੱਡਾ ਹੈ, ਸਾਡੀ ਤਾਂ ਉਨ੍ਹੀ ਉਮਰ ਵੀ ਨੀ ਜਿੰਨ੍ਹਾਂ ਵੱਡਾ ਉਨ੍ਹਾਂ ਦਾ ਰਾਜਨੀਤਿਕ ਜੀਵਨ ਹੈ ਅਤੇ ਕੈਪਟਨ ਨੂੰ ਪੂਰਾ ਅਧਿਕਾਰ ਹੈ ਆਪਣਾ ਰਾਸਤਾ ਚੁਣਨ ਦਾ।
ਭਾਰਤੀ ਜਨਤਾ ਪਾਰਟੀ ਦੀ ਵਧਦੀ ਲੋਕਪ੍ਰਿਯਤਾ ਅਤੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਕਿਸਾਨ ਪੱਖੀ ਅਤੇ ਲੋਕ ਪੱਖੀ ਨੀਤੀਆਂ ਕਾਰਨ ਭਾਜਪਾ ਪਰਿਵਾਰ ਲਗਾਤਾਰ ਵਧ ਰਿਹਾ ਹੈ। ਇਸ ਕੜੀ ਵਿੱਚ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਹੋਰ ਸੰਗਠਨਾਂ ਦੇ ਸੀਨੀਅਰ ਆਗੂ, ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਭਾਜਪਾ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਆਯੋਜਿਤ ਪ੍ਰੋਗਰਾਮ ਦੌਰਾਨ ਆਪੋ-ਆਪਣੀਆਂ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਾਮਲ ਹੋਏ।
ਅਸ਼ਵਨੀ ਸ਼ਰਮਾ (BJP president Ashwani Sharma) ਨੇ ਇਨ੍ਹਾਂ ਸਾਰੇ ਆਗੂਆਂ ਨੂੰ ਭਾਜਪਾ ਪਰਿਵਾਰ ਦੀ ਮੈਂਬਰਸ਼ਿਪ ਦਿਵਾਈ ਅਤੇ ਉਨ੍ਹਾਂ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਅਤੇ ਭਾਜਪਾ ਪਰਿਵਾਰ ਵਿੱਚ ਸ਼ਾਮਲ ਹੋਣ 'ਤੇ ਉਨ੍ਹਾਂ ਦਾ ਸਵਾਗਤ ਕੀਤਾ।
ਅਸ਼ਵਨੀ ਸ਼ਰਮਾ ਨੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਕਾਂਗਰਸ ਪੰਜਾਬ ਵਿੱਚ ਆਪਣੇ ਆਖਰੀ ਸਾਹ ਗਿਣ ਰਹੀ ਹੈ ਅਤੇ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਵਿੱਚ ਕਾਂਗਰਸ ਦੇ ਨਿਘਾਰ (ਖਾਤਮੇ) ਵਿੱਚ ਆਖਰੀ ਕਿੱਲ ਠੋਕ ਦਿੱਤਾ ਹੈ।
ਨਵਜੋਤ ਸਿੰਘ ਸਿੱਧੂ ਸਿਰਫ਼ ਮੁੱਖ ਮੰਤਰੀ ਦੀ ਕੁਰਸੀ ਦੇ ਭੁੱਖੇ ਹਨ। ਜੇਕਰ ਕਾਂਗਰਸ ਹਾਈ ਕਮਾਂਡ ਨੇ ਸਿੱਧੂ ਨੂੰ ਮੁੱਖ ਮੰਤਰੀ ਬਣਾਇਆ ਹੁੰਦਾ ਤਾਂ ਸ਼ਾਇਦ ਪੰਜਾਬ ਵਿੱਚ ਇੰਨਾ ਵੱਡਾ ਸਿਆਸੀ ਭੂਚਾਲ ਨਾ ਆਉਂਦਾ! ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਸਾਢੇ ਚਾਰ ਸਾਲਾਂ ਦੀਆਂ ਨਾਕਾਮੀਆਂ ਤੋਂ ਲੋਕਾਂ ਦਾ ਧਿਆਨ ਹਟਾਉਂਣ ਲਈ ਅਤੇ ਕਾਂਗਰਸ ਹਾਈਕਮਾਨ ਨੇ ਪੰਜਾਬ ਵਿੱਚ ਪਾਰਟੀ ਦੇ ਡੁੱਬਦੇ ਜਹਾਜ਼ ਨੂੰ ਬਚਾਉਣ ਲਈ ਇੱਕ ਡਰਾਮਾ ਰਚਿਆ ਅਤੇ ਇਸਨੂੰ ਪੰਜਾਬ ਵਿੱਚ ਸਿੱਧੂ ਦੇ ਰੂਪ ਵਿੱਚ ਮੈਦਾਨ 'ਚ ਉਤਾਰਿਆ।
ਪਰ ਕਾਂਗਰਸ ਹਾਈਕਮਾਂਡ ਨੂੰ ਸ਼ਾਇਦ ਇਹ ਨਹੀਂ ਪਤਾ ਸੀ ਕਿ ਸਿੱਧੂ ਇੱਕ ਬੇਲਗਾਮ ਘੋੜਾ ਹੈ, ਜਿਸ ਨੂੰ ਲਗਾਮ ਲਗਾਉਣੀ ਉਹਨਾਂ ਦੇ ਵੱਸ ਦੀ ਗੱਲ ਨਹੀਂ ਸੀ ਅਤੇ ਅਜਿਹਾ ਹੀ ਹੋਇਆ। ਕਾਂਗਰਸ ਵਿੱਚ ਭ੍ਰਿਸ਼ਟਾਚਾਰ ਉੱਪਰ ਤੋਂ ਹੇਠਾਂ ਤੱਕ ਫੈਲਿਆ ਹੋਇਆ ਹੈ।
ਮੁੱਖ ਮੰਤਰੀ ਚੰਨੀ ਨੇ ਖੁਦ ਆਪਣੇ ਭ੍ਰਿਸ਼ਟ ਮੰਤਰੀਆਂ ਨੂੰ ਕਲੀਨ ਚਿੱਟ ਦੇ ਕੇ ਜਨਤਾ ਵਿੱਚ ਅਵਿਸ਼ਵਾਸ ਦੀ ਭਾਵਨਾ ਪੈਦਾ ਕੀਤੀ ਹੈ। ਸਿੱਧੂ ਮੁੱਖ ਮੰਤਰੀ ਨੂੰ ਆਪਣੀਆਂ ਸ਼ਰਤਾਂ 'ਤੇ ਚਲਾਉਣਾ ਚਾਹੁੰਦੇ ਹਨ ਜੋ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਦੀ ਇਸ ਲੜਾਈ ਦਾ ਖਮਿਆਜ਼ਾ ਸੂਬੇ ਦੇ ਲੋਕਾਂ ਨੂੰ ਭੁਗਤਣਾ ਪਿਆ ਹੈ। ਸ਼ਰਮਾ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਸੂਬੇ ਦੇ ਲੋਕਾਂ ਨੂੰ ਸਸਤੀ ਅਤੇ 24 ਘੰਟੇ ਬਿਜਲੀ, ਬੇਰੁਜ਼ਗਾਰੀ ਨੂੰ ਖ਼ਤਮ ਕਰਨ, ਵੱਡੇ ਉਦਯੋਗਿਕ ਘਰਾਣਿਆਂ ਨੂੰ ਪੰਜਾਬ ਵਿੱਚ ਲਿਆਉਣ, ਨਵੇਂ ਉਦਯੋਗ ਸਥਾਪਤ ਕਰਨ, ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਲਈ ਅਤੇ ਉਨ੍ਹਾਂ ਨੂੰ ਅੱਜ ਦੇ ਯੁੱਗ ਦੇ ਨਾਲ ਚੱਲਣ ਲਈ ਪ੍ਰੇਰਿਤ ਕਰਨਾ ਆਦਿ ਪਹਿਲ ਦੇ ਅਧਾਰ 'ਤੇ ਕੀਤੇ ਜਾਣਗੇ।
ਅਸ਼ਵਨੀ ਸ਼ਰਮਾ ਅਤੇ ਜੀਵਨ ਗੁਪਤਾ ਨੇ ਕਿਹਾ ਕਿ ਇਹਨਾਂ ਸਾਰਿਆਂ ਨੂੰ ਪਾਰਟੀ ਵਿੱਚ ਬਣਦਾ ਪੂਰਾ ਮਾਨ-ਸਨਮਾਨ ਅਤੇ ਸਤਿਕਾਰ ਦਿੱਤਾ ਜਾਵੇਗਾ। ਇਹ ਸਭ ਕੇਂਦਰ ਸਰਕਾਰ ਦੀਆਂ ਨੀਤੀਆਂ ਅਤੇ ਪਾਰਟੀ ਦੀ ਵਿਚਾਰਧਾਰਾ ਤੋਂ ਆਪਣੇ-ਆਪਣੇ ਖੇਤਰ ਦੇ ਲੋਕਾਂ ਨੂੰ ਜਾਗਰੂਕ ਕਰਕੇ ਸੰਗਠਨ ਨੂੰ ਹੋਰ ਮਜ਼ਬੂਤ ਕਰਨਗੇ।
ਦੂਜੇ ਪਾਸੇ ਸਾਰੇ ਨਵੇਂ ਸ਼ਾਮਲ ਹੋਏ ਮੈਂਬਰਾਂ ਨੇ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਉਪਰ ਸੰਗਠਨ ਵੱਲੋਂ ਦਿੱਤੇ ਗਏ ਭਰੋਸੇ 'ਤੇ ਖ਼ਰਾ ਉਤਰਨ ਦਾ ਭਰੋਸਾ ਦਿੱਤਾ ਅਤੇ ਕੇਂਦਰ ਸਰਕਾਰ ਅਤੇ ਪਾਰਟੀ ਵਿਚਾਰਧਾਰਾ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪੁਹੁੰਚਾ ਕੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦਾ ਵੀ ਭਰੋਸਾ ਦਿੱਤਾ।
ਇਹ ਵੀ ਪੜ੍ਹੋ: ਬੇਅਦਬੀ ਦੇ ਕੇਸਾਂ ਦੀ ਜਾਂਚ ਲਈ ਲਗਾਏ ਵਕੀਲ ਨਾਲ ਈਟੀਵੀ ਭਾਰਤ ਦੀ ਖਾਸ ਗੱਲਬਾਤ