ਬੈਂਗਲੁਰੂ: ਦਿੱਲੀ ਵਿੱਚ ਹੋਣ ਵਾਲੀ ਸੈਨਾ ਦਿਵਸ ਪਰੇਡ ਪਹਿਲੀ ਵਾਰ ਰਾਸ਼ਟਰੀ ਰਾਜਧਾਨੀ ਦੇ ਬਾਹਰ ਆਯੋਜਿਤ ਹੋਈ। ਦੱਸ ਦਈਏ ਕਿ ਐਮਈਜੀ ਐਂਡ ਸੈਂਟਰ, ਬੈਂਗਲੁਰੂ ਦੇ ਪਰੇਡ ਗਰਾਊਂਡ ਵਿੱਚ ਸੈਨਾ ਦਿਵਸ ਦਾ ਆਯੋਜਨ ਕੀਤਾ। ਇਹ 75ਵਾਂ ਸੈਨਾ ਦਿਵਸ 1949 ਵਿੱਚ ਸ਼ੁਰੂ ਹੋਣ ਤੋਂ ਬਾਅਦ ਇਹ ਪਹਿਲੀ ਵਾਰ ਹੈ, ਜਦੋਂ ਇਹ ਪ੍ਰੋਗਰਾਮ ਦਿੱਲੀ ਤੋਂ ਬਾਹਰ ਆਯੋਜਿਤ ਕੀਤਾ ਗਿਆ। ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਨੇ ਪਰੇਡ ਦਾ ਨਿਰੀਖਣ ਕੀਤਾ ਅਤੇ ਬਹਾਦਰੀ ਪੁਰਸਕਾਰ ਦਿੱਤੇ।
ਇਸ ਮੌਕੇ 'ਤੇ ਬੈਂਗਲੁਰੂ 'ਚ ਸੈਨਾ ਮੁਖੀ ਜਨਰਲ ਐਮ ਪਾਂਡੇ ਨੇ ਪਹਿਲੀ ਵਾਰ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਬਾਹਰ ਸੈਨਾ ਦਿਵਸ ਪਰੇਡ ਅਤੇ ਇਸ ਨਾਲ ਸਬੰਧਤ ਹੋਰ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਇਸ ਨਾਲ ਫੌਜ ਨੂੰ ਲੋਕਾਂ ਨਾਲ ਜੁੜਨ ਦਾ ਸੁਨਹਿਰੀ ਮੌਕਾ ਮਿਲਿਆ ਹੈ। ਮੈਨੂੰ ਯਕੀਨ ਹੈ ਕਿ ਇਸ ਨਾਲ ਸਾਡੇ ਸਬੰਧ ਹੋਰ ਮਜ਼ਬੂਤ ਹੋਣਗੇ।
ਇਸ ਦੌਰਾਨ ਹੀ ਫੌਜ ਮੁਖੀ ਜਨਰਲ ਮਨੋਜ ਪਾਂਡੇ ਨੇ ਕਿਹਾ ਕਿ ਪੱਛਮੀ ਸਰਹੱਦੀ ਖੇਤਰਾਂ ਵਿੱਚ ਕੰਟਰੋਲ ਰੇਖਾ ਦੇ ਨਾਲ ਜੰਗਬੰਦੀ ਬਰਕਰਾਰ ਹੈ। ਜੰਗਬੰਦੀ ਦੀ ਉਲੰਘਣਾ ਵਿੱਚ ਵੀ ਕਮੀ ਆਈ ਹੈ, ਪਰ ਸਰਹੱਦ ਪਾਰ ਅੱਤਵਾਦੀ ਢਾਂਚਾ ਅਜੇ ਵੀ ਬਰਕਰਾਰ ਹੈ। ਜੰਮੂ ਅਤੇ ਪੰਜਾਬ ਦੀ ਅੰਤਰਰਾਸ਼ਟਰੀ ਸਰਹੱਦ 'ਤੇ ਡਰੋਨਾਂ ਰਾਹੀਂ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਜਾਰੀ ਹੈ, ਇਸ ਨੂੰ ਰੋਕਣ ਲਈ ਉਪਾਅ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਤਮ ਨਿਰਭਰਤਾ ਦੇ ਨਾਲ ਆਧੁਨਿਕਤਾ ਸਾਡਾ ਮੰਤਰ ਹੋਵੇਗਾ। ਉਨ੍ਹਾਂ ਕਿਹਾ ਭਾਰਤੀ ਰੱਖਿਆ ਉਦਯੋਗ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਅਸੀਂ ਭਾਰਤ ਦੇ ਬਣੇ ਹਥਿਆਰਾਂ, ਸਾਜ਼ੋ-ਸਾਮਾਨ ਵਿੱਚ ਵਿਸ਼ਵਾਸ ਰੱਖਦੇ ਹਾਂ।
ਫੌਜ ਮੁਖੀ ਜਨਰਲ ਮਨੋਜ ਪਾਂਡੇ ਨੇ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ, ਕੁਆਂਟਮ ਕਮਿਊਨੀਕੇਸ਼ਨ, ਮਾਨਵ ਰਹਿਤ ਪ੍ਰਣਾਲੀਆਂ, ਨਿਰਦੇਸ਼ਿਤ ਊਰਜਾ ਹਥਿਆਰਾਂ ਵਰਗੀ ਵਿਸ਼ੇਸ਼ ਤਕਨੀਕ ਦਾ ਸਵਦੇਸ਼ੀਕਰਨ ਹੋ ਰਿਹਾ ਹੈ। ਸੈਨਾ ਮੁਖੀ ਨੇ ਕਿਹਾ ਕਿ ਅਗਨੀਪਥ ਯੋਜਨਾ ਦੀ ਸ਼ੁਰੂਆਤ ਨਾਲ ਇੱਕ ਇਤਿਹਾਸਕ ਅਤੇ ਪ੍ਰਗਤੀਸ਼ੀਲ ਕਦਮ ਚੁੱਕਿਆ ਗਿਆ ਹੈ, ਅਸੀਂ ਭਰਤੀ ਪ੍ਰਕਿਰਿਆ ਨੂੰ ਸਵੈਚਲਿਤ ਕੀਤਾ ਹੈ। ਸਾਨੂੰ ਦੇਸ਼ ਦੇ ਨੌਜਵਾਨਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਹੈ, ਪੁਰਸ਼ ਅਗਨੀਵੀਰ ਦੇ ਪਹਿਲੇ ਬੈਚ ਦੀ ਸਿਖਲਾਈ ਸ਼ੁਰੂ ਹੋ ਗਈ ਹੈ। ਅਗਨੀਵੀਰਾਂ ਦੀ ਹੋਰ ਚੋਣ ਲਈ ਇੱਕ ਮਜ਼ਬੂਤ ਪ੍ਰਕਿਰਿਆ ਤਿਆਰ ਕੀਤੀ ਗਈ ਹੈ।
ਇਸ ਤੋਂ ਬਾਅਦ ਆਰਮੀ ਸਰਵਿਸ ਕੋਰ ਟੋਰਨੇਡੋ ਦੁਆਰਾ ਇੱਕ ਦਲੇਰ ਮੋਟਰਸਾਈਕਲ ਡਿਸਪਲੇਅ, ਪੈਰਾਟ੍ਰੋਪਰਾਂ ਦੁਆਰਾ ਸਕਾਈਡਾਈਵਿੰਗ ਡਿਸਪਲੇਅ, ਆਰਮੀ ਏਵੀਏਸ਼ਨ ਕੋਰ ਦੇ ਹੈਲੀਕਾਪਟਰਾਂ ਦੁਆਰਾ ਡੇਅਰਡੇਵਿਲ ਜੰਪ ਅਤੇ ਫਲਾਈ ਪਾਸਟ ਦਾ ਪ੍ਰਦਰਸ਼ਨ ਕੀਤਾ ਗਿਆ। ਸੈਨਾ ਦਿਵਸ ਹਰ ਸਾਲ 15 ਜਨਵਰੀ ਨੂੰ ਜਨਰਲ (ਬਾਅਦ ਵਿੱਚ ਫੀਲਡ ਮਾਰਸ਼ਲ) ਕੇਐਮ ਕਰਿਅੱਪਾ ਦੁਆਰਾ 1949 ਵਿੱਚ ਭਾਰਤੀ ਸੈਨਾ ਦੇ ਆਖ਼ਰੀ ਬ੍ਰਿਟਿਸ਼ ਕਮਾਂਡਰ-ਇਨ-ਚੀਫ਼ ਜਨਰਲ ਸਰ ਐਫਆਰਆਰ ਬੁਚਰ ਤੋਂ ਭਾਰਤੀ ਸੈਨਾ ਦੀ ਕਮਾਨ ਸੰਭਾਲਣ ਦੇ ਮੌਕੇ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ।
ਇਸ ਦੌਰਾਨ ਸਟੇਸ਼ਨ ਕਮਾਂਡਰ, ਦੱਖਣੀ ਕਮਾਂਡ ਨੇ ਕਿਹਾ ਕਿ ਸਮਾਜ ਨਾਲ ਡੂੰਘੇ ਸਬੰਧ ਬਣਾਉਣ ਲਈ ਭਾਰਤ ਵਿੱਚ ਵੱਖ-ਵੱਖ ਫੀਲਡ ਕਮਾਂਡਾਂ 'ਤੇ ਪਰੇਡ ਆਯੋਜਿਤ ਕੀਤੀ ਜਾਵੇਗੀ। ਇਸ ਸਾਲ ਇਹ ਜਸ਼ਨ ਦੱਖਣੀ ਕਮਾਂਡ ਦੀ ਨਿਗਰਾਨੀ ਹੇਠ ਹੋਣਗੇ, ਜਿਸਦਾ ਮੁੱਖ ਦਫਤਰ ਪੁਣੇ ਵਿੱਚ ਹੈ। 2023 ਤੋਂ ਪਹਿਲਾਂ, ਆਰਮੀ ਡੇਅ ਪਰੇਡ ਦਿੱਲੀ ਛਾਉਣੀ ਦੇ ਕਰਿਅੱਪਾ ਪਰੇਡ ਮੈਦਾਨ ਵਿੱਚ ਆਯੋਜਿਤ ਕੀਤੀ ਗਈ ਸੀ। ਪਿਛਲੇ ਸਾਲ, ਭਾਰਤੀ ਹਵਾਈ ਸੈਨਾ ਨੇ ਵੀ ਦਿੱਲੀ ਦੇ ਨੇੜੇ ਹਿੰਡਨ ਏਅਰ ਬੇਸ ਦੀ ਬਜਾਏ ਚੰਡੀਗੜ੍ਹ ਵਿੱਚ ਆਪਣਾ ਸਾਲਾਨਾ ਫਲਾਈ-ਪਾਸਟ ਅਤੇ ਹਵਾਈ ਸੈਨਾ ਦਿਵਸ ਮਨਾਇਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਸੈਨਾ ਦਿਵਸ ਦੇ ਮੌਕੇ 'ਤੇ ਭਾਰਤੀ ਫੌਜ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸੈਨਿਕਾਂ ਨੇ ਹਮੇਸ਼ਾ ਦੇਸ਼ ਨੂੰ ਸੁਰੱਖਿਅਤ ਰੱਖਿਆ ਹੈ ਅਤੇ ਸੰਕਟ ਦੇ ਸਮੇਂ ਵਿੱਚ ਉਨ੍ਹਾਂ ਦੀ ਸੇਵਾ ਲਈ ਵਿਆਪਕ ਤੌਰ 'ਤੇ ਪ੍ਰਸ਼ੰਸਾ ਕੀਤੀ ਜਾਂਦੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ ਕਿ ਫੌਜ ਦਿਵਸ 'ਤੇ ਮੈਂ ਸਾਰੇ ਫੌਜੀ ਕਰਮਚਾਰੀਆਂ, ਸਾਬਕਾ ਫੌਜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ। ਹਰ ਭਾਰਤੀ ਨੂੰ ਆਪਣੀ ਫੌਜ 'ਤੇ ਮਾਣ ਹੈ ਅਤੇ ਅਸੀਂ ਹਮੇਸ਼ਾ ਆਪਣੇ ਫੌਜੀਆਂ ਦੇ ਸ਼ੁੱਕਰਗੁਜ਼ਾਰ ਰਹਾਂਗੇ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਸਾਡੇ ਦੇਸ਼ ਨੂੰ ਸੁਰੱਖਿਅਤ ਰੱਖਿਆ ਹੈ ਅਤੇ ਸੰਕਟ ਦੇ ਸਮੇਂ ਵਿੱਚ ਉਨ੍ਹਾਂ ਦੀ ਸੇਵਾ ਲਈ ਵਿਆਪਕ ਤੌਰ 'ਤੇ ਪ੍ਰਸ਼ੰਸਾ ਕੀਤੀ ਜਾਂਦੀ ਹੈ।
ਇਹ ਵੀ ਪੜੋ:- ਲੋਕ ਸਭਾ ਚੋਣ 2024: ਅਮਰਤਿਆ ਸੇਨ ਬੋਲੇ-ਮਮਤਾ ਬੈਨਰਜੀ ਅਗਲਾ PM ਬਣਨ ਦੇ ਸਮਰੱਥ