ਇੰਫਾਲ: ਮਣੀਪੁਰ ਵਿੱਚ 3 ਮਈ ਨੂੰ ਸ਼ੁਰੂ ਹੋਈ ਦੋ ਭਾਈਚਾਰਿਆਂ ਵਿਚਾਲੇ ਹਿੰਸਾ ਅਜੇ ਵੀ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਹਥਿਆਰਬੰਦ ਬਦਮਾਸ਼ਾਂ ਨੇ ਬਿਸ਼ਨੂਪੁਰ ਜ਼ਿਲ੍ਹੇ ਦੀ ਸਰਹੱਦ ਨਾਲ ਲੱਗਦੇ ਚੂਰਾਚੰਦਪੁਰ ਜ਼ਿਲ੍ਹੇ ਦੇ ਤੋਰਬੰਗ ਬਾਜ਼ਾਰ ਖੇਤਰ 'ਚ ਘੱਟੋ-ਘੱਟ 10 ਖਾਲੀ ਘਰਾਂ ਅਤੇ ਇਕ ਸਕੂਲ ਨੂੰ ਸਾੜ ਦਿੱਤਾ ਹੈ। ਪੁਲਿਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਮਣੀਪੁਰ ਪੁਲਿਸ ਦੇ ਅਨੁਸਾਰ, ਕਥਿਤ ਤੌਰ 'ਤੇ ਮਨੁੱਖੀ ਢਾਲ ਵਜੋਂ ਕੰਮ ਕਰ ਰਹੀਆਂ ਸੈਂਕੜੇ ਔਰਤਾਂ ਦੀ ਅਗਵਾਈ ਵਾਲੀ ਭੀੜ ਨੇ ਸ਼ਨੀਵਾਰ ਸ਼ਾਮ ਹਮਲੇ ਦੌਰਾਨ ਕਈ ਰਾਉਂਡ ਫਾਇਰ ਕੀਤੇ। ਇੱਕ ਸਥਾਨਕ ਵਿਅਕਤੀ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਪੀਟੀਆਈ ਨੂੰ ਦੱਸਿਆ ਕਿ ਔਰਤਾਂ ਦੀ ਅਗਵਾਈ ਵਾਲੀ ਭੀੜ ਨੇ ਟੋਰਬੰਗ ਬਾਜ਼ਾਰ ਵਿੱਚ ਚਿਲਡਰਨ ਟ੍ਰੇਜ਼ਰ ਹਾਈ ਸਕੂਲ ਨੂੰ ਅੱਗ ਲਗਾ ਦਿੱਤੀ।
ਭੀੜ ਵਲੋਂ ਬੀਐਸਐਫ ਦੀ ਗੱਡੀ ਖੋਹਣ ਦੀ ਕੋਸ਼ਿਸ਼: ਇੱਕ ਸਥਾਨਕ ਵਿਅਕਤੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਪੀਟੀਆਈ ਨੂੰ ਦੱਸਿਆ ਕਿ ਜਦੋਂ ਅਸੀਂ ਹਮਲਾਵਰਾਂ ਨੂੰ ਆਉਂਦੇ ਦੇਖਿਆ ਤਾਂ ਅਸੀਂ ਸਾਰੇ ਘਬਰਾ ਗਏ ਅਤੇ ਜਵਾਬੀ ਕਾਰਵਾਈ ਕਰਨ ਤੋਂ ਝਿਜਕ ਗਏ, ਕਿਉਂਕਿ ਭੀੜ ਦੀ ਅਗਵਾਈ ਸੈਂਕੜੇ ਔਰਤਾਂ ਕਰ ਰਹੀਆਂ ਸਨ। ਉਸ ਨੇ ਦੱਸਿਆ ਕਿ ਗੁੱਸੇ ਵਿੱਚ ਆਈ ਭੀੜ ਨੇ ਬੀਐੱਸਐੱਫ ਦੀ ਗੱਡੀ ਖੋਹ ਲਈ ਅਤੇ ਸਾਡੇ ਘਰਾਂ ਨੂੰ ਅੱਗ ਲਾ ਦਿੱਤੀ, ਫਿਰ ਉਨ੍ਹਾਂ ਨੂੰ ਇਹਸਾਸ ਹੋਇਆ ਕਿ ਇਸ ਭੀੜ ਨੂੰ ਰੋਕਣਾ ਚਾਹੀਦਾ ਹੈ।
ਇੱਕ ਸਥਾਨਕ ਵਿਅਕਤੀ ਨੇ ਪੀਟੀਆਈ ਨੂੰ ਦੱਸਿਆ ਕਿ ਬਾਅਦ ਵਿੱਚ ਭੀੜ ਨੇ ਬੀਐਸਐਫ ਦੀ ਇੱਕ ਕੈਸਪਰ ਗੱਡੀ ਨੂੰ ਵੀ ਖੋਹਣ ਦੀ ਕੋਸ਼ਿਸ਼ ਕੀਤੀ, ਪਰ ਖੇਤਰ ਵਿੱਚ ਤਾਇਨਾਤ ਫੋਰਸ ਅਤੇ ਸਥਾਨਕ ਵਾਲੰਟੀਅਰਾਂ ਦੁਆਰਾ ਜਵਾਬੀ ਕਾਰਵਾਈ ਕਰਕੇ ਇਸ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ।
ਇਸ ਲਈ ਹੋ ਰਹੀ ਹੈ ਹਿੰਸਾ: ਦਰਅਸਲ, ਮਣੀਪੁਰ ਵਿੱਚ 3 ਮਈ ਤੋਂ ਹਿੰਸਾ ਚੱਲ ਰਹੀ ਹੈ। ਹੁਣ ਤੱਕ 100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। 50 ਹਜ਼ਾਰ ਤੋਂ ਵੱਧ ਲੋਕ ਕੈਂਪਾਂ ਵਿੱਚ ਰਹਿਣ ਲਈ ਮਜਬੂਰ ਹਨ। ਕੁਕੀ ਭਾਈਚਾਰਾ, ਮੈਤੇਈ ਭਾਈਚਾਰੇ ਨੂੰ ਕਬਾਇਲੀ ਦਰਜਾ ਦੇਣ ਦਾ ਵਿਰੋਧ ਕਰ ਰਿਹਾ ਹੈ। ਇਹ ਹੁਕਮ ਮਣੀਪੁਰ ਹਾਈ ਕੋਰਟ ਨੇ ਦਿੱਤਾ ਹੈ। ਨਾਗਾ ਅਤੇ ਕੁਕੀ ਨਹੀਂ ਚਾਹੁੰਦੇ ਕਿ ਮੈਤੇਈ ਨੂੰ ST ਦਾ ਦਰਜਾ ਦਿੱਤਾ ਜਾਵੇ। ਕੁੱਕੀ ਭਾਈਚਾਰੇ ਨੇ 3 ਮਈ ਨੂੰ ਰੈਲੀ ਕਰਕੇ ਰੋਸ ਪ੍ਰਗਟਾਇਆ। ਉਨ੍ਹਾਂ ਦੀ ਰੈਲੀ 'ਤੇ ਹਮਲਾ ਹੋਇਆ ਅਤੇ ਉਸ ਤੋਂ ਬਾਅਦ ਸ਼ੁਰੂ ਹੋਈ ਹਿੰਸਾ ਅੱਜ ਤੱਕ ਜਾਰੀ ਹੈ। (ਪੀਟੀਆਈ)