ਬਿਲਾਸਪੁਰ: ਰਤਨਪੁਰ ਥਾਣਾ ਖੇਤਰ ਦੇ ਗ੍ਰਾਮ ਪੰਚਾਇਤ ਪੋੜੀ ਵਿੱਚ ਪੈਟਰੋਲ ਦੀ ਟੰਕੀ ਲਾਗੇ ਰਾਤ 1 ਵਜੇ ਇਕ ਕਾਰ ਦਰਖਤ ਵਿੱਚ ਜਾ ਵੱਜੀ, ਜਿਸ ਤੋਂ ਬਾਅਦ ਇਸ ਕਾਰ ਵਿੱਚ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਕਾਰ ਸਵਾਰ ਤਿੰਨ ਵਿਅਕਤੀ ਇਸ ਵਿੱਚੋਂ ਬਾਹਰ ਨਹੀਂ ਨਿਕਲ ਸਕੇ, ਤਿੰਨਾਂ ਦੀ ਜਿਊਂਦੇ ਸੜਨ ਨਾਲ ਮੌਤ ਹੋ ਗਈ।
ਇਹ ਭਿਆਨਕ ਹਾਦਸਾ ਵੇਖਣ ਵਾਲਿਆਂ ਨੇ ਦੱਸਿਆ ਕਿ ਜਦੋਂ ਇਹ ਕਾਰ ਦਰਖਤ ਵਿੱਚ ਵੱਜੀ ਤਾਂ ਉਸੇ ਵੇਲੇ ਇਸਨੂੰ ਅੱਗ ਲੱਗ ਗਈ। ਅੱਗ ਤੇਜ਼ ਹੋਣ ਕਾਰਨ ਕਾਰ ਸਵਾਰ ਵਿੱਚ ਹੀ ਫਸ ਗਏ ਤੇ ਬਾਹਰ ਨਹੀਂ ਨਿਕਲ ਸਕੇ। ਇਸ ਤੋਂ ਬਾਅਦ ਇਨ੍ਹਾਂ ਤਿੰਨਾਂ ਦੀ ਮੌਤ ਹੋ ਗਈ। ਹਾਲਾਂਕਿ ਇਹ ਵੀ ਖਦਸ਼ਾ ਜਾਹਿਰ ਕੀਤਾ ਜਾ ਰਿਹਾ ਹੈ ਕਿ ਕਾਰ ਵਿੱਚ ਹੋਰ ਵੀ ਲੋਕ ਹੋ ਸਕਦੇ ਹਨ ਪਰ ਫਿਲਹਾਲ ਤਿੰਨਾਂ ਦੀ ਹੀ ਪੁਸ਼ਟੀ ਹੋਈ ਹੈ।
ਇਹ ਵੀ ਪੜ੍ਹੋ: ਆਓ ਝੂਲਾ ਝੂਲੀਏ ਕਹਿ ਕੇ ਔਰਤ ਨੇ ਚੁੱਕਿਆ ਖੌਫਨਾਕ ਕਦਮ, ਮਾਂ ਤੇ ਭਰਾ ਦੀ ਲਾਸ਼ ਕੋਲ ਸੌਂਦਾ ਰਿਹਾ ਮਾਸੂਮ
ਚਸ਼ਮਦੀਦਾਂ ਨੇ ਦੱਸਿਆ ਹੈ ਕਿ ਫਿਲਹਾਲ ਕਾਰ ਵਿੱਚ ਤਿੰਨ ਕੰਕਾਲ ਹੀ ਨਜਰ ਆ ਰਹੇ ਸਨ। ਹਾਦਸੇ ਦੇ ਬਾਅਦ ਮੌਕੇ ਉੱਤੇ ਮੌਜੂਦ ਲੋਕਾਂ ਨੇ ਇਸਦੀ ਸੂਚਨਾ ਰਤਨਪੁਰ ਪੁਲਿਸ ਨੂੰ ਦਿੱਤੀ। ਪੁਲਿਸ ਵਲੋਂ ਇਸਦੀ ਜਾਂਚ ਕੀਤੀ ਜਾ ਰਹੀ ਹੈ। ਜਿਸ ਕਾਰ ਨਾਲ ਇਹ ਹਾਦਸਾ ਵਾਪਰਿਆ ਹੈ ਉਸਦਾ ਨੰਬਰ ਸੀਜੀ 10 ਬੀਡੀ 7861 ਹੈ। ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਕਾਰ ਸ਼ਾਹਨਵਾਜ਼ ਨਾਂ ਦਾ ਸਖਸ਼ ਚਲਾ ਰਿਹਾ ਸੀ। ਹਾਲਾਂਕਿ ਕਾਰ ਵਿੱਚ ਹੋਰ ਕੌਣ ਕੌਣ ਲੋਕ ਸਵਾਰ ਸਨ, ਇਸਦੀ ਜਾਂਚ ਜਾਰੀ ਹੈ। ਬਿਲਾਸਪੁਰ ਤੋਂ ਐਫਐਸਏਲ ਦੀ ਟੀਮ ਵੀ ਸੱਦੀ ਗਈ ਹੈ। ਸੈਂਪਲ ਇਕੱਠੇ ਕੀਤੇ ਗਏ ਹਨ ਤਾਂ ਜੋ ਹੋਰ ਜਾਂਚ ਕੀਤੀ ਜਾ ਸਕੇ।
ਕਾਰ ਨੂੰ ਅੱਗ ਲੱਗਣ ਤੋਂ ਬਾਅਦ ਇਸਦੇ ਕਈ ਅੰਦਾਜ਼ੇ ਲਾਏ ਜਾ ਰਹੇ ਹਨ। ਪਹਿਲੀ ਨਜ਼ਰੇ ਗੱਡੀ ਦਾ ਲੌਕ ਸਿਸਟਮ ਫੇਲ ਹੋਣ ਅਤੇ ਗੱਡੀ ਦੇ ਇੰਜਨ ਉੱਤੇ ਪੈਟਰੋਲ ਫੈਲਣ ਨਾਲ ਅੱਗ ਲੱਗੀ ਦੱਸੀ ਜਾ ਰਹੀ ਹੈ। ਹੋ ਸਕਦਾ ਹੈ ਕਿ ਲੌਕ ਸਿਸਟਮ ਖਰਾਬ ਹੋਣ ਨਾਲ ਕਾਰ ਲੌਕ ਹੋ ਗਈ ਅਤੇ ਗੱਡੀ ਵਿੱਚ ਸਵਾਰ ਲੋਕ ਬਾਹਰ ਨਹੀਂ ਨਿਕਲ ਸਕੇ। ਫਿਲਹਾਲ ਪੁਲਿਸ ਇਸ ਘਟਨਾ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।