ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਪੰਜਾਬ ਦੇ ਰਾਜਪਾਲ ਨੂੰ ਇੱਕ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਉਹ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਕੈਪਟਨ ਸਰਕਾਰ ਕੋਲੋਂ ਵਿਧਾਨ ਸਭਾ ਫਲੋਰ ‘ਤੇ ਬਹੁਮਤ ਸਾਬਤ ਕਰਵਾਉਣ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ‘ਆਪ‘ ਵਿਧਾਇਕਾਂ ਦੇ ਵਫਦ ਨੇ ਰਾਜਪਾਲ ਨੂੰ ਕਿਹਾ ਹੈ ਕਿ ਕੈਪਟਨ ਦੀ ਅਗਵਾਈ ਵਾਲੀ ਇਹ ਸਰਕਾਰ ਦੋਫਾੜ ਹੋ ਗਈ ਹੈ ਤੇ ਕੈਪਟਨ ਅਮਰਿੰਦਰ ਆਪਣੇ ਜਿਆਦਾਤਰ ਵਿਧਾਇਕਾਂ ਦਾ ਭਰੋਸਾ ਗੁਆ ਚੁੱਕੇ ਹਨ। ਕਿਹਾ ਕਿ ਅਜਿਹੇ ਹਾਲਾਤ ਵਿਚ ਸਰਕਾਰ ਚਲਾਉਣ ਲਈ ਲੋੜੀਂਦੇ ਵਿਧਾਇਕਾਂ ਦੀ ਗਿਣਤੀ ਕੈਪਟਨ ਕੋਲ ਨਹੀਂ ਰਹੀ।
ਕਿਹਾ ਦੋ ਧੜਿਆਂ ‘ਚ ਵੰਡੀ ਕਾਂਗਰਸ
ਪਾਰਟੀ ਮੁਤਾਬਕ ਕਾਂਗਰਸ ਦੋ ਧੜਿਆਂ ਵਿੱਚ ਵੰਡੀ ਗਈ ਹੈ ਤੇ ਦੋਵੇਂ ਧੜੇ ਵਿਧਾਇਕਾਂ ਦੀ ਗਿਣਤੀ ਨੂੰ ਲੈ ਕੇ ਆਪੋ ਆਪਣਾ ਸ਼ਕਤੀ ਪ੍ਰਦਰਸ਼ਨ ਕਰ ਰਹੇ ਹਨ ਤੇ ਕੈਪਟਨ ਸਰਕਾਰ ਬਹੁਮਤ ਖੋ ਚੁੱਕੀ ਹੈ। ਕੈਪਟਨ ਕੋਲ ਘੱਟ ਵਿਧਾਇਕ ਹੋਣ ਕਾਰਨ ਉਹ ਬਹੁਮਤ ਖੋ ਚੁੱਕੇ ਹਨ ਤੇ ਅਜਿਹੇ ਵਿੱਚ ਉਨ੍ਹਾਂ ਨੂੰ ਸਰਕਾਰ ਵਿੱਚ ਰਹਿਣ ਦਾ ਨੈਤਿਕ ਤੇ ਸੰਵਿਧਾਨਕ ਹੱਕ ਨਹੀਂ ਰਿਹਾ।
ਸੱਤ ਦਿਨ ‘ਚ ਬਹੁਮਤ ਸਾਬਤ ਨਾ ਕੀਤਾ ਤਾਂ ਬਰਖਾਸਤ ਹੋਵੇ ਸਰਕਾਰ
‘ਆਪ‘ ਵਿਧਾਇਕਾਂ ਨੇ ਮੰਗ ਪੱਤਰ ਵਿੱਚ ਕਿਹਾ ਹੈ ਕਿ ਉਹ ਪੰਜਾਬ ਦੇ ਲੋਕਾਂ ਵੱਲੋਂ ਮੰਗ ਕਰ ਰਹੇ ਹਨ ਕਿ ਵਿਧਾਨ ਸਭਾ ਦਾ ਇੱਕ ਦਿਨਾ ਸੈਸ਼ਨ ਬੁਲਾਇਆ ਜਾਵੇ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਵਿਧਾਨ ਸਭਾ ਫਲੋਰ ‘ਤੇ ਬਹੁਮਤ ਸਾਬਤ ਕਰਨ। ਚੀਮਾ ਨੇ ਕਿਹਾ ਕਿ ਜੇਕਰ ਕੈਪਟਨ ਅਗਲੇ ਸੱਤ ਦਿਨਾਂ ‘ਚ ਬਹੁਮਤ ਸਾਬਤ ਕਰਨ ਵਿੱਚ ਨਾਕਾਮ ਰਹਿੰਦੇ ਹਨ ਤਾਂ ਉਨ੍ਹਾਂ ਦੀ ਸਰਕਾਰ ਨੂੰ ਤੁਰੰਤ ਭੰਗ ਕੀਤਾ ਜਾਵੇ। ਚੀਮਾ ਦੇ ਨਾਲ ਜੈਕਿਸ਼ਨ ਸਿੰਘ ਰੋੜੀ ਤੇ ਹੋਰ ਵਿਧਾਇਕ ਵੀ ਮੌਜੂਦ ਸਨ।
ਚੀਮਾ ਵਿਰੁੱਧ ਐਫਆਈਆਰ ਦੀ ਕੀਤੀ ਹੋਈ ਹੈ ਮੰਗ
ਇੱਕ ਪਾਸੇ ਕਾਂਗਰਸ ਦੀ ਆਪਸੀ ਲੜਾਈ ਨੂੰ ਲੈ ਕੇ ਆਮ ਆਦਮੀ ਪਾਰਟੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਵਿਧਾਨ ਸਭਾ ਫਲੋਰ ‘ਤੇ ਬਹੁਮਤ ਸਾਬਤ ਕਰਨ ਦੀ ਮੰਗ ਕਰ ਰਹੇ ਹਨ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ‘ਤੇ ਖੁਦ ਹੀ ਵਿਰੋਧੀ ਧਿਰ ਦੀ ਭੂਮਿਕਾ ਵਿੱਚ ਬਣੇ ਰਹਿਣ ਦੀ ਸਮਰੱਥਾ ਗੁਆ ਚੁੱਕੇ ਹੋਣ ਦਾ ਦੋਸ਼ ਲੱਗਿਆ ਹੋਇਆ ਹੈ। ਲੁਧਿਆਣਾ ਦੇ ਇੱਕ ਕੌਮਾਂਤਰੀ ਮੁੱਕੇਬਾਜ ਨੇ ਪਿਛਲੇ ਦਿਨੀਂ ਪੰਜਾਬ ਦੇ ਡੀਜੀਪੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਹਰਪਾਲ ਚੀਮਾ ਵਿਰੁੱਧ ਕਾਰਵਾਈ ਕੀਤੀ ਜਾਵੇ।
ਵਿਰੋਧੀ ਧਿਰ ਦੀ ਭੂਮਿਕਾ ਲਾਇਕ ਨਹੀਂ ਰਹੀ ‘ਆਪ‘!
ਮੁੱਕੇਬਾਜ ਪਿੰਡ ਕੌਰੀ (ਖੰਨਾ) ਲਾਭ ਸਿੰਘ ਮੁਤਾਬਕ ਵਿਧਾਨ ਸਭਾ ਵਿਚ ਆਮ ਆਦਮੀ ਪਾਰਟੀ ਦੇ 20 ਵਿਧਾਇਕ ਸੀ ਤੇ ਇਨਾਂ ਵਿਚੋਂ ਸੱਤ ਵਿਧਾਇਕ ਛੱਡ ਗਏ। ਐਚ.ਐਸ.ਫੂਲਕਾ ਨੇ ਅਸਤੀਫਾ ਦੇ ਦਿੱਤਾ ਸੀ ਜਦੋਂਕਿ ਸੁਖਪਾਲ ਖਹਿਰਾ, ਨਾਜਰ ਸਿੰਘ, ਅਮਰਜੀਤ ਸੰਦੋਆ, ਮਾਸਟਰ ਬਲਦੇਵ ਸਿੰਘ, ਜਗਦੇਵ ਸਿੰਘ ਕਮਾਲੂ, ਪੀਰਮਲ ਸਿੰਘ ਧੌਲਾ ਨੇ ਕਾਂਗਰਸ ਪਾਰਟੀ ਜੁਆਇਨ ਕਰ ਲਈ ਸੀ। ਕਿਹਾ ਕਿ ਇਸ ਤਰਾਂ ਨਾਲ ‘ਆਪ’ ਵਿਧਾਇਕਾਂ ਦੀ ਗਿਣਤੀ ਘਟ ਕੇ 13 ਰਹਿ ਗਈ ਹੈ ਜਦੋਂਕਿ ਅਕਾਲੀ ਦਲ ਦੇ 15 ਵਿਧਾਇਕ ਹਨ। ਕਿਹਾ ਸੀ ਕਿ ਅਜਿਹੇ ਵਿਚ ‘ਆਪ’ ਕੋਲ ਵਿਰੋਧੀ ਧਿਰ ਨੇਤਾ ਬਨਾਉਣ ਲਈ ਵਿਧਾਇਕਾਂ ਦੀ ਲੋੜੀਂਦੀ ਗਿਣਤੀ ਨਹੀਂ ਬਚੀ।
ਕੌਰੀ ਦਾ ਕਹਿਣਾ ਸੀ ਕਿ ਡੀਜੀਪੀ ਨੂੰ ਸ਼ਿਕਾਇਤ ਕੀਤੀ ਗਈ ਕਿ ਦਿ ਸੈਲੇਰੀਜ਼ ਐਂਡ ਅਲਾਊੰਸੇਜ਼ ਆਫ ਲੀਡਰ ਆਫ ਆਪੋਜੀਸ਼ਨ ਐਕਟ-1978 ਦੀ ਧਾਰਾ-3 ਮੁਤਾਬਕ ਵਿਰੋਧੀ ਧਿਰ ਦੇ ਨੇਤਾ ਨੂੰ ਉਹੀ ਤਨਖਾਹ ਤੇ ਭੱਤੇ ਦੇਣੇ ਪੈਂਦੇ ਹਨ, ਜਿਹੜੇ ਕਿ ਈਸਟ ਪੰਜਾਬ ਮਿਨੀਸਟਰਜ਼ ਸੈਲੇਰੀਜ਼ ਐਕਟ 1947 ਮੁਤਾਬਕ ਮੰਤਰੀਆਂ ਨੂੰ ਦਿੱਤੇ ਜਾਂਦੇ ਹਨ ਤੇ ਇਸ ਐਕਟ ਦੀ ਧਾਰਾ-4 ਮੁਤਾਬਕ ਕਿਰਾਇਆ ਮੁਕਤ ਸਰਕਾਰੀ ਮਕਾਨ ਵੀ ਮਿਲਦਾ ਹੈ।
ਚੀਮਾ ‘ਤੇ ਖਜਾਨੇ ‘ਚੋਂ ਗਲਤ ਲਾਭ ਲੈਣ ਦਾ ਦੋਸ਼
ਸ਼ਿਕਾਇਤਕਰਤਾ ਲਾਭ ਸਿੰਘ ਦਾ ਕਹਿਣਾ ਹੈ ਕਿ ਉਨਾਂ ਦੀ ਜਾਣਕਾਰੀ ਮੁਤਾਬਕ ਹਰਪਾਲ ਸਿੰਘ ਚੀਮਾ ਮੰਤਰੀਆਂ ਨੂੰ ਮਿਲਦੀਆਂ ਇਹ ਸਹੂਲਤਾਂ ਅਜੇ ਵੀ ਹਾਸਲ ਕਰ ਰਹੇ ਹਨ, ਜਦੋਂਕਿ ਉਹ ਜਾਣਦੇ ਹਨ ਕਿ ਉਨਾਂ ਕੋਲ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਬਣੇ ਰਹਿਣ ਲਈ ਵਿਧਾਇਕਾਂ ਦੀ ਲੋੜੀਂਦੀ ਗਿਣਤੀ ਮੌਜੂਦ ਨਹੀਂ ਹੈ। ਲਾਭ ਸਿੰਘ ਨੇ ਦੋਸ਼ ਲਗਾਇਆ ਸੀ ਕਿ ਇਸ ਤਰਾਂ ਨਾਲ ਹਰਪਾਲ ਸਿੰਘ ਚੀਮਾ ਸਰਕਾਰੀ ਖਜਾਨੇ ਤੋਂ ਗਲਤ ਸਹੂਲਤ ਹਾਸਲ ਕਰ ਰਹੇ ਹਨ ਤੇ ਇਸ ਨਾਲ ਸਰਕਾਰੀ ਖਜਾਨੇ ਨੂੰ ਨੁਕਸਾਨ ਪੁੱਜ ਰਿਹਾ ਹੈ, ਜਿਹੜਾ ਕਿ ਇੱਕ ਜੁਲਮ ਹੈ।