ਜੀਂਦ: ਹਰਿਆਣਾ ਦੇ ਜੀਂਦ 'ਚ ਮੰਗਲਵਾਰ ਨੂੰ ਇਕ ਦਰਦਨਾਕ ਹਾਦਸੇ 'ਚ 2 ਔਰਤਾਂ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਜਦਕਿ ਇਸ ਹਾਦਸੇ 'ਚ 17 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਮਰਨ ਵਾਲਿਆਂ ਵਿਚ 15 ਸਾਲ ਦੇ ਬੱਚੇ ਤੋਂ ਲੈ ਕੇ 70 ਸਾਲ ਦੇ ਬਜ਼ੁਰਗ ਸ਼ਾਮਲ ਹਨ। ਸਾਰੇ ਇੱਕੋ ਪਰਿਵਾਰ ਦੇ ਦੱਸੇ ਜਾ ਰਹੇ ਹਨ। ਜ਼ਖਮੀਆਂ ਨੂੰ ਜੀਂਦ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਹ ਸਾਰੇ ਲੋਕ ਪਰਿਵਾਰ ਦੇ ਇਕ ਮੈਂਬਰ ਦੀਆਂ ਅਸਥੀਆਂ ਵਿਸਰਜਨ ਕਰਕੇ ਵਾਪਸ ਆ ਰਹੇ ਸੀ, ਜਦੋਂ ਇਹ ਹਾਦਸਾ ਵਾਪਰਿਆ।
ਮਿਲੀ ਜਾਣਕਾਰੀ ਮੁਤਾਬਿਕ ਹਿਸਾਰ ਦੇ ਨਾਰਨੌਂਦ ਦੇ ਰਹਿਣ ਵਾਲੇ ਪਿਆਰੇ ਲਾਲ ਨਾਂ ਦੇ ਵਿਅਕਤੀ ਦੀ ਮੌਤ ਹੋ ਗਈ ਸੀ। ਫੁੱਲ ਚੁਗਣ ਤੋਂ ਬਾਅਦ, ਉਸ ਦਾ ਪਰਿਵਾਰ ਸੋਮਵਾਰ ਨੂੰ ਉਸ ਦੀਆਂ ਅਸਥੀਆਂ ਨੂੰ ਗੰਗਾ ਵਿਚ ਵਿਸਰਜਣ ਲਈ ਹਰਿਦੁਆਰ ਗਿਆ। ਮ੍ਰਿਤਕਾਂ ਦੀ ਪਛਾਣ ਚੰਨੋ (45), ਸ਼ੀਸ਼ਪਾਲ (39), ਅੰਕੁਸ਼ (15), ਧੰਨਾ (70) ਅਤੇ ਸੁਰਜੀ ਦੇਵੀ (65) ਵਜੋਂ ਹੋਈ ਹੈ। ਮਰਨ ਵਾਲਿਆਂ ਵਿਚ ਉਨ੍ਹਾਂ ਦਾ ਇਕ ਰਿਸ਼ਤੇਦਾਰ ਜੋ ਕਿ ਪੰਜਾਬ ਦਾ ਰਹਿਣ ਵਾਲਾ ਹੈ ਵੀ ਸ਼ਾਮਲ ਹੈ। ਦੱਸ ਦਈਏ ਕਿ ਹਾਦਸੇ ਵਿੱਚ ਜਾਨ ਗਵਾਉਣ ਵਾਲੀ ਸੁਰਜੀ ਦੇਵੀ ਪਿਆਰੇ ਲਾਲ ਦੀ ਪਤਨੀ ਹੈ। ਸੁਰਜੀ ਦੇਵੀ ਆਪਣੇ ਪਰਿਵਾਰ ਸਮੇਤ ਆਪਣੇ ਪਤੀ ਦੀਆਂ ਅਸਥੀਆਂ ਨੂੰ ਪ੍ਰਵਾਹ ਕਰਨ ਲਈ ਹਰਿਦੁਆਰ ਵੀ ਗਈ ਸੀ।
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਇੰਚਾਰਜ ਦਿਨੇਸ਼ ਕੁਮਾਰ ਨੇ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਏ ਮ੍ਰਿਤਕ ਅਸਥੀਆਂ ਨੂੰ ਹਰਿਦੁਆਰ ਤੋਂ ਵਾਪਸ ਪਰਤ ਰਹੇ ਸੀ। ਜਿਉਂ ਹੀ ਉਸਦੀ ਪਿਕਅੱਪ ਕਾਰ ਜੀਂਦ ਦੇ ਪਿੰਡ ਕੰਡੇਲਾ ਕੋਲ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਸਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਪਿਕਅੱਪ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਆਲੇ-ਦੁਆਲੇ ਮੌਜੂਦ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ।
ਮੌਕੇ 'ਤੇ ਪਹੁੰਚੀ ਪੁਲਿਸ ਨੇ ਜ਼ਖਮੀਆਂ ਨੂੰ ਤੁਰੰਤ ਜੀਂਦ ਦੇ ਸਿਵਲ ਹਸਪਤਾਲ ਪਹੁੰਚਾਇਆ। ਇਨ੍ਹਾਂ ਵਿੱਚੋਂ ਪੰਜ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਡਾਕਟਰਾਂ ਨੇ ਇਨ੍ਹਾਂ ਪੰਜਾਂ ਜ਼ਖਮੀਆਂ ਨੂੰ ਪੀਜੀਆਈ ਰੋਹਤਕ ਰੈਫ਼ਰ ਕਰ ਦਿੱਤਾ ਹੈ। ਸਦਰ ਥਾਣਾ ਇੰਚਾਰਜ ਦਿਨੇਸ਼ ਕੁਮਾਰ ਨੇ ਦੱਸਿਆ ਕਿ ਇਹ ਟੱਕਰ ਆਹਮੋ-ਸਾਹਮਣੇ ਹੋਈ। ਹਾਦਸੇ ਤੋਂ ਬਾਅਦ ਡਰਾਈਵਰ ਟਰੱਕ ਨੂੰ ਮੌਕੇ 'ਤੇ ਛੱਡ ਕੇ ਫਰਾਰ ਹੋ ਗਿਆ। ਫਿਲਹਾਲ ਜਿਸ ਟਰੱਕ ਨਾਲ ਟੱਕਰ ਹੋਈ ਸੀ, ਉਸ ਨੂੰ ਕਬਜੇ ਵਿਚ ਲੈ ਲਿਆ ਗਿਆ ਹੈ।
ਇਹ ਵੀ ਪੜੋ: ਪੂਰਨੀਆ 'ਚ ਸੜਕ ਹਾਦਸੇ ਦੌਰਾਨ ਕਈ ਲੋਕਾਂ ਦੀ ਮੌਤ