ਹੈਦਰਾਬਾਦ: ਗੂਗਲ ਆਪਣੀ Google One VPN ਸੁਵਿਧਾ ਨੂੰ ਹਮੇਸ਼ਾ ਲਈ ਬੰਦ ਕਰਨ ਜਾ ਰਿਹਾ ਹੈ। ਕੰਪਨੀ ਨੇ ਇਸ ਸੁਵਿਧਾ ਨੂੰ ਚਾਰ ਸਾਲ ਪਹਿਲਾ ਸ਼ੁਰੂ ਕੀਤਾ ਸੀ। ਹਾਲਾਂਕਿ, ਗੂਗਲ ਪਹਿਲਾ ਹੀ ਦੱਸ ਚੁੱਕਾ ਸੀ ਕਿ ਉਹ ਇਸ ਸੁਵਿਧਾ ਨੂੰ ਬੰਦ ਕਰ ਦੇਵੇਗਾ। ਹੁਣ ਕੰਪਨੀ ਨੇ ਇਸਨੂੰ ਬੰਦ ਕਰਨ ਦੀ ਤਰੀਕ ਦਾ ਵੀ ਐਲਾਨ ਕਰ ਦਿੱਤਾ ਹੈ। ਕੰਪਨੀ ਅਨੁਸਾਰ, Google One VPN ਸੁਵਿਧਾ 20 ਜੂਨ 2024 ਤੋਂ ਕੰਮ ਕਰਨਾ ਬੰਦ ਕਰ ਦੇਵੇਗੀ। ਗੂਗਲ ਨੇ ਆਪਣੇ ਸਪੋਰਟ ਪੇਜ 'ਚ ਕਿਹਾ ਕਿ 20 ਜੂਨ 2024 ਤੋਂ Google One VPN ਸੁਵਿਧਾ ਬੰਦ ਕਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਗੂਗਲ ਨੇ ਯੂਜ਼ਰਸ ਨੂੰ ਆਪਣੀ ਡਿਵਾਈਸ ਤੋਂ Google One VPN ਸੁਵਿਧਾ ਨੂੰ ਹਟਾਉਣ ਦਾ ਤਰੀਕਾ ਵੀ ਦੱਸਿਆ ਹੈ।
VPN ਕੀ ਹੈ?: VPN ਤੁਹਾਡੇ ਟ੍ਰੈਫਿਕ ਨੂੰ ਐਨਕ੍ਰਿਪਟ ਕਰਕੇ ਵੈੱਬ ਨੂੰ ਸੁਰੱਖਿਅਤ ਰੂਪ ਨਾਲ ਬ੍ਰਾਊਜ਼ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ। ਜਦੋਂ ਤੁਸੀਂ ਕਿਸੇ ਵੈੱਬਸਾਈਟ 'ਤੇ ਜਾਂਦੇ ਹੋ, ਤਾਂ ਤੁਹਾਡੇ ਡੀਵਾਈਸ ਤੋਂ ਉਸ ਸਾਈਟ 'ਤੇ ਡਾਟਾ ਭੇਜਿਆ ਜਾਂਦਾ ਹੈ। ਪਰ ਸਭ ਤੋਂ ਪਹਿਲਾਂ ਇਹ ਉਸ ਵਾਈ-ਫਾਈ ਰਾਊਟਰ ਤੋਂ ਲੰਘਦਾ ਹੈ ਜਿਸ ਦੀ ਵਰਤੋਂ ਤੁਸੀਂ ਇੰਟਰਨੈੱਟ ਤੱਕ ਪਹੁੰਚ ਕਰਨ ਲਈ ਕਰ ਰਹੇ ਹੋ। VPN ਤੁਹਾਡੀ ਡਿਵਾਈਸ ਅਤੇ VPN ਸਰਵਰ ਦੇ ਵਿਚਕਾਰ ਇੱਕ ਇਨਕ੍ਰਿਪਟਡ ਕਨੈਕਸ਼ਨ ਬਣਾ ਕੇ ਤੁਹਾਡੇ ਨੈਟਵਰਕ ਡੇਟਾ ਨੂੰ ਲੁਕਾਉਂਦਾ ਹੈ, ਤਾਂ ਜੋ ਨਾ ਤਾਂ ਤੁਹਾਡਾ ਇੰਟਰਨੈਟ ਸੇਵਾ ਪ੍ਰਦਾਤਾ, ਨਾ ਹੀ ਤੁਹਾਡੀ ਡਿਵਾਈਸ ਅਤੇ VPN ਸਰਵਰ ਦੇ ਵਿਚਕਾਰ ਕੋਈ ਹੋਰ ਚੀਜ਼ ਇਹ ਦੇਖ ਸਕੇ ਕਿ ਤੁਸੀਂ ਕਿਹੜੀ ਵੈੱਬਸਾਈਟ ਬ੍ਰਾਊਜ਼ ਕਰ ਰਹੇ ਹੋ ਜਾਂ ਕਿਹੜੀਆਂ ਐਪਾਂ ਤੁਸੀਂ ਵਰਤ ਰਹੇ ਹੋ।
ਇੱਕ VPN ਤੁਹਾਡੇ IP ਪਤੇ ਨੂੰ ਲੁਕਾ ਕੇ ਤੁਹਾਡੀ ਬ੍ਰਾਊਜ਼ਿੰਗ ਨੂੰ ਸੁਰੱਖਿਅਤ ਰੱਖਣ ਵਿੱਚ ਵੀ ਮਦਦ ਕਰਦਾ ਹੈ। ਵੈੱਬਸਾਈਟਾਂ ਅਤੇ ਇਸ਼ਤਿਹਾਰ ਦੇਣ ਵਾਲੇ ਤੁਹਾਡੇ IP ਪਤੇ ਦੀ ਵਰਤੋਂ ਤੁਹਾਡੇ ਦੁਆਰਾ ਵਿਜ਼ਿਟ ਕੀਤੀਆਂ ਗਈਆਂ ਵੈੱਬਸਾਈਟਾਂ ਅਤੇ ਤੁਹਾਡੇ ਦੁਆਰਾ ਦੇਖੇ ਗਏ ਕੰਟੈਟ ਦਾ ਰਿਕਾਰਡ ਰੱਖਣ ਲਈ ਕਰਦੇ ਹਨ। VPNs ਤੁਹਾਡੇ ਨਿੱਜੀ IP ਪਤੇ ਨੂੰ VPN ਸਰਵਰ ਦੁਆਰਾ ਨਿਰਧਾਰਤ ਕੀਤੇ ਗਏ ਇੱਕ ਨਵੇਂ IP ਪਤੇ ਨਾਲ ਬਦਲਦੇ ਹਨ, ਜਿਸ ਨਾਲ ਵੈੱਬਸਾਈਟਾਂ ਦੁਆਰਾ ਤੁਹਾਨੂੰ ਟਰੈਕ ਕਰਨ ਦੀ ਯੋਗਤਾ ਖਤਮ ਹੋ ਜਾਂਦੀ ਹੈ।
ਗੂਗਲ ਪਿਕਸਲ 8 ਯੂਜ਼ਰਸ ਲਈ ਸੁਵਿਧਾ: ਗੂਗਲ ਦਾ ਕਹਿਣਾ ਹੈ ਕਿ ਪਿਕਸਲ 8 ਅਤੇ ਨਵੇਂ ਡਿਵਾਈਸ ਆਪਣੇ ਸਿਸਟਮ ਸੈਟਿੰਗ ਦੇ ਰੂਪ 'ਚ ਇੱਕ ਇਨ-ਬਿਲਟ VPN ਪ੍ਰਦਾਨ ਕਰਦੇ ਹਨ। VPN ਸੁਵਿਧਾ ਨੂੰ ਗੂਗਲ ਵਨ ਐਪ ਤੋਂ ਹਟਾ ਦਿੱਤੇ ਜਾਣ ਤੋਂ ਬਾਅਦ ਵੀ ਪਿਕਸਲ 8 ਦੇ ਯੂਜ਼ਰਸ ਆਪਣੇ ਸਿਸਟਮ ਸੌਫਟਵੇਅਰ ਨੂੰ ਅਪਡੇਟ ਕਰਕੇ Google One VPN ਦਾ ਇਸਤੇਮਾਲ ਕਰ ਸਕਦੇ ਹਨ। ਕੰਪਨੀ 3 ਜੂਨ ਨੂੰ ਪਿਕਸਲ 8, 8 ਪ੍ਰੋ ਅਤੇ 8a ਅਤੇ ਫੋਲਡ ਲਈ ਇੱਕ ਇਨ-ਬਿਲਟ VPN, VPN By Google ਨੂੰ ਇਨੇਬਲ ਕਰਨ ਲਈ ਇੱਕ ਸਿਸਟਮ ਅਪਡੇਟ ਜਾਰੀ ਕਰੇਗੀ।
ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Google One VPN ਸੁਵਿਧਾ ਨੂੰ ਭਾਰਤ 'ਚ ਪੇਸ਼ ਨਹੀਂ ਕੀਤਾ ਗਿਆ ਸੀ। ਇਸ ਲਈ ਭਾਰਤੀ ਯੂਜ਼ਰਸ ਇਸ ਸੁਵਿਧਾ ਦੇ ਬੰਦ ਹੋਣ ਕਾਰਨ ਪ੍ਰਭਾਵਿਤ ਨਹੀਂ ਹੋਣਗੇ।
Google One VPN ਸੁਵਿਧਾ ਨੂੰ ਹਟਾਉਣ ਦਾ ਤਰੀਕਾ: Google One VPN ਸੁਵਿਧਾ ਨੂੰ ਡਿਵਾਈਸ ਤੋਂ ਹਟਾਉਣ ਲਈ ਪਹਿਲਾ ਫਾਈਡਰ ਖੋਲ੍ਹੋ। ਫਿਰ ਸਾਈਡਬਾਰ 'ਚ ਐਪਲੀਕੇਸ਼ਨ 'ਤੇ ਕਲਿੱਕ ਕਰੋ। VPN By Google One ਨੂੰ ਡ੍ਰੈਗ ਕਰੋ। ਹੁਣ VPN By Google One 'ਤੇ ਰਾਈਟ ਕਲਿੱਕ ਕਰੋ ਅਤੇ ਮੂਵ ਟੂ ਟਰੈਸ਼ ਨੂੰ ਚੁਣੋ। ਜੇਕਰ ਤੁਹਾਡੇ ਤੋਂ ਯੂਜ਼ਰ ਨੇਮ ਅਤੇ ਪਾਸਵਰਡ ਮੰਗਿਆ ਜਾਂਦਾ ਹੈ, ਤਾਂ ਆਪਣੇ ਮੈਕ 'ਤੇ ਪ੍ਰਸ਼ਾਸਕ ਅਕਾਊਂਟ ਦਾ ਪ੍ਰਮਾਣ ਪੱਤਰ ਦਾਖਲ ਕਰੋ। ਇਹ ਉਹ ਨਾਮ ਅਤੇ ਪਾਸਵਰਡ ਹੋ ਸਕਦਾ ਹੈ ਜੋ ਤੁਸੀਂ ਆਪਣੇ ਮੈਕ ਵਿੱਚ ਲੌਗ ਇਨ ਕਰਨ ਲਈ ਵਰਤਦੇ ਹੋ।