ਲੁਧਿਆਣਾ: ਜਦੋਂ ਵੀ ਸਵੇਰ ਹੁੰਦੀ ਹੈ ਤਾਂ ਅਕਸਰ ਵੀ ਵਿਦੇਸ਼ੀ ਧਰਤੀ ਤੋਂ ਕੋਈ ਨਾ ਕੋਈ ਅਜਿਹੀ ਖ਼ਬਰ ਜ਼ਰੂਰ ਸਾਹਮਣੇ ਆਉਂਦੀ ਹੈ ਜਿਸ ਨੂੰ ਸੁਣ ਕੇ ਬੁੱਢੇ ਮਾਪਿਆਂ 'ਤੇ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ। ਇੱਕ ਅਜਿਹਾ ਹੀ ਮਾਮਲਾ ਹੁਣ ਪਿੰਡ ਰਾਮਗੜ੍ਹ ਸਿਵੀਆ ਤੋਂ ਸਾਹਮਣੇ ਹੈ। ਪਿੰਡ ਰਾਮਗੜ੍ਹ ਸਿਵੀਆ 'ਚ ਉਦੋਂ ਮਾਤਮ ਛਾ ਗਿਆ ਜਦੋਂ ਮਨੀਲਾ ਗਏ ਨੌਜਵਾਨ ਅਵਤਾਰ ਸਿੰਘ ਦੇ ਕਤਲ ਦੀ ਖ਼ਬਰ ਦਾ ਪਤਾ ਲੱਗਿਆ।
ਮਨੀਲਾ 'ਚ ਕਤਲ: 35 ਸਾਲ ਅਵਤਾਰ ਸਿੰਘ ਕਰੀਬ 20 ਸਾਲ ਪਹਿਲਾਂ ਚੰਗੇ ਭਵਿੱਖ ਲਈ ਅਤੇ ਪਰਿਵਾਰ ਦੀ ਗਰੀਬੀ ਨੂੰ ਦੂਰ ਕਰਨ ਲਈ ਮਨੀਲਾ ਗਿਆ ਸੀ।20 ਮਾਰਚ 2023 ਨੂੰ ਘਰ ਵਾਪਸ ਆਉਣਾ ਸੀ ਪਰ ਸ਼ਾਇਦ ਉਸ ਨੂੰ ਪਤਾ ਨਹੀਂ ਸੀ ਕਿ ਉਹ ਨਹੀਂ ਬਲਕਿ ਉਸ ਦੀ ਲਾਸ਼ ਘਰ ਵਾਪਸ ਆਵੇਗੀ। ਮਿਲੀ ਜਾਣਕਾਰੀ ਮੁਤਾਬਿਕ ਅਵਤਾਰ ਸਿੰਘ ਦਾ ਕਿਰਚਾਂ ਮਾਰਕੇ ਕਤਲ ਕੀਤਾ ਗਿਆ। ਉਹ 3 ਭੈਣਾਂ ਦਾ ਇੱਕਲਾ ਭਰਾ ਸੀ।ਇਸ ਖ਼ਬਰ ਤੋਂ ਬਾਅਦ ਜਿੱਥੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ, ਉੱਥੇ ਹੀ ਪੂਰੇ ਪਿੰਡ 'ਚ ਸੋਗ ਦੀ ਲਹਿਰ ਛਾਅ ਗਈ।
ਸਰਕਾਰਾਂ ਨੂੰ ਅਪੀਲ: ਇਸ ਮੌਕੇ ਪਿੰਡ ਵਾਸੀਆਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਜਿੱਥੇ ਅਪੀਲ ਕੀਤੀ ਹੈ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ, ਕਿਉਂਕਿ ਇਹ ਬੇਹੱਦ ਗਰੀਬ ਪਰਿਵਾਰ ਹੈ ਅਤੇ ਇੱਕਲੌਤਾ ਪੁੱਤ ਕਮਾਈ ਕਰਦਾ ਸੀ। ਉੱਥੇ ਹੀ ਦੂਜੇ ਪਾਸੇ ਪੰਜਾਬ ਅਤੇ ਕੇਂਦਰ ਸਰਕਾਰ 'ਤੇ ਸਵਾਲ ਵੀ ਖੜੇ ਕੀਤੇ ਕਿ ਜੇਕਰ ਪੰਜਾਬ 'ਚ ਕੰਮ ਹੋਵੇ ਤਾਂ ਨੌਜਵਾਨ ਆਪਣੇ ਮਾਪੇ, ਘਰ ਅਤੇ ਸੂਬਾ, ਦੇਸ਼ ਛੱਡ ਕੇ ਵਿਦੇਸ਼ੀ ਧਰਤੀ 'ਤੇ ਕਿਉਂ ਜਾਣ? ਸਰਕਾਰਾਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।