ਮੋਗਾ: ਪੰਚਾਇਤੀ ਚੋਣਾਂ ਕਈ ਥਾਵਾਂ 'ਤੇ ਅਸਾਨੀ ਨਾਲ ਸਿਰੇ ਚੜ੍ਹੀਆਂ ਤਾਂ ਕਈ ਥਾਵਾਂ 'ਤੇ ਹਿੰਸਕ ਵਾਰਦਾਤਾਂ ਵੀ ਦੇਖਣ ਨੂੰ ਮਿਲੀਆਂ ਹਨ। ਅਜਿਹਾ ਹੀ ਇੱਕ ਮਾਮਲਾ ਮੋਗਾ ਦੇ ਪਿੰਡ ਕੋਟਲਾ ਮੇਹਰ ਸਿੰਘ ਤੋਂ ਵੀ ਸਾਹਮਣੇ ਆਇਆ ਸੀ, ਜਿਥੇ 15 ਅਕਤੂਬਰ ਨੂੰ ਪੰਚਾਇਤੀ ਵੋਟਾਂ ਦੌਰਾਨ ਚੱਲੀ ਗੋਲੀ ਨਾਲ ਇੱਕ ਨੌਜਵਾਨ ਗੁਰਜੰਟ ਸਿੰਘ ਜ਼ਖ਼ਮੀ ਹੋ ਗਿਆ ਸੀ, ਜਿਸ ਦਾ ਕਿ ਲੁਧਿਆਣਾ 'ਚ ਇਲਾਜ ਚੱਲ ਰਿਹਾ ਸੀ। ਇਸ ਦੌਰਾਨ ਉਸ ਦੀ ਹੁਣ ਮੌਤ ਦੀ ਖ਼ਬਰ ਸਾਹਮਣੇ ਆਈ ਹੈ।
ਵੋਟ ਪਾਉਣ ਆਇਆ ਸੀ ਮ੍ਰਿਤਕ
ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਗੁਰਜੰਟ ਸਿੰਘ ਧਰਮਕੋਟ ਕਸਬੇ ਅਧੀਨ ਪੈਂਦੇ ਪਿੰਡ ਰੇਹੜੂ ਦਾ ਵਸਨੀਕ ਹੈ ਅਤੇ ਆਪਣੇ ਇੱਕ ਦੋਸਤ ਦੇ ਪਰਿਵਾਰਕ ਮੈਂਬਰਾਂ ਨਾਲ ਕੋਟਲਾ ਮੇਹਰ ਸਿੰਘ ਵਿਖੇ ਵੋਟ ਪਾਉਣ ਆਇਆ ਸੀ। ਇਸ ਦੌਰਾਨ ਕਿਸੇ ਅਣਪਛਾਤੇ ਵਿਅਕਤੀ ਵਲੋਂ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਜਿਸ ਨੇ ਕਿ ਇਲਾਜ ਦੌਰਾਨ ਅੱਜ ਦਮ ਤੋੜ ਦਿੱਤਾ ਤੇ ਹੁਣ ਉਸ ਦਾ ਪੋਸਟਮਾਰਟਮ ਮੋਗਾ ਦੇ ਸਿਵਲ ਹਸਪਤਾਲ 'ਚ ਕਰਵਾਇਆ ਗਿਆ।
ਅਣਪਛਾਤੇ ਨੇ ਮਾਰੀਆਂ ਗੋਲੀਆਂ
ਇਸ ਸਬੰਧੀ ਪਿੰਡ ਵਾਸੀਆਂ ਨੇ ਦੱਸਿਆ ਕਿ ਪੰਚਾਇਤੀ ਵੋਟਾਂ ਸਾਰੇ ਦਿਨ ਸੂਖਮ ਮਾਹੌਲ 'ਚ ਪਈਆਂ ਤੇ ਇਹ ਨੌਜਵਾਨ ਵੀ ਵੋਟ ਪਾਉਣ ਲਈ ਆਇਆ ਹੋਇਆ ਸੀ। ਉਨ੍ਹਾਂ ਦੱਸਿਆ ਕਿ 4 ਵਜੇ ਤੋਂ ਬਾਅਦ ਕਿਸੇ ਅਣਪਛਾਤੇ ਵਲੋਂ ਗੁਰਜੰਟ ਸਿੰਘ ਨੂੰ ਗੋਲੀ ਮਾਰ ਦਿੱਤੀ ਗਈ, ਜਿਸ ਨੂੰ ਕਿ ਜ਼ਖ਼ਮੀ ਹਾਲਤ 'ਚ ਲੁਧਿਆਣਾ ਰੈਫਰ ਕੀਤਾ ਗਿਆ ਸੀ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਉਮਰ ਮਹਿਜ 28-29 ਸਾਲ ਦੀ ਸੀ। ਜਿਸ ਦਾ ਕਿ ਵਿਆਹ ਹੋ ਚੁੱਕਿਆ ਸੀ ਤੇ ਦੋ ਬੱਚੇ ਹਨ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ।
ਪੁਲਿਸ ਨੇ ਨਹੀਂ ਰੱਖਿਆ ਕੋਈ ਪੱਖ
ਉਧਰ ਇਸ ਸਾਰੀ ਘਟਨਾ ਸਬੰਧੀ ਜਦੋਂ ਡੀਐਸਪੀਡੀ ਲਵਪ੍ਰੀਤ ਸਿੰਘ ਨਾਲ ਫੋਨ ’ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਜਲਦੀ ਹੀ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ। ਹਾਲਾਂਕਿ ਨੌਜਵਾਨ ਦਾ ਕਤਲ ਕਿਉਂ ਤੇ ਕਿਸ ਨੇ ਕੀਤਾ, ਇਹ ਹਾਲੇ ਭੇਤ ਬਣਿਆ ਹੋਇਆ ਹੈ ਤੇ ਪੁਲਿਸ ਨੇ ਕੋਈ ਵੀ ਪੱਖ ਨਹੀਂ ਦਿੱਤਾ ਹੈ। ਜਦਕਿ ਪਰਿਵਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ।