ਬਠਿੰਡਾ: ਸਰਕਾਰ ਭਾਵੇਂ ਕੋਈ ਵੀ ਰਹੀ ਹੋਵੇ, ਪਰ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇਣ ਦੇ ਦਾਅਵੇ ਕੀਤੇ ਜਾਂਦੇ ਰਹੇ ਹਨ। ਪਰ ਅੱਜ ਜੋ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਉਹ ਪੀਆਰਟੀਸੀ ਵਿੱਚ 20 ਸਾਲ ਨੌਕਰੀ ਕਰਨ ਉਪਰੰਤ ਡਰਾਈਵਰ ਜਸਵੀਰ ਸਿੰਘ ਕੱਚੇ ਕਾਮੇ ਵਜੋਂ ਰਿਟਾਇਰ ਹੋਏ ਹਨ। ਸੰਨ 2004 ਵਿੱਚ ਜਸਵੀਰ ਸਿੰਘ ਪੀਆਰਟੀਸੀ ਬਠਿੰਡਾ ਡਿੱਪੂ ਵਿੱਚ ਠੇਕੇਦਾਰੀ ਸਿਸਟਮ ਤਹਿਤ ਭਰਤੀ ਹੋਇਆ ਅਤੇ ਸਰਕਾਰੀ ਬੱਸ ਉੱਤੇ ਡਰਾਈਵਰੀ ਕਰਦਾ ਆ ਰਿਹਾ ਸੀ।
20 ਸਾਲ ਬਾਅਦ ਵੀ ਕੱਚਾ ਰਿਹਾ ਰਿਟਾਇਰਡ ਮੁਲਾਜ਼ਮ: 2016 ਵਿਚ ਜਸਵੀਰ ਸਿੰਘ ਨੂੰ ਪੀਆਰਟੀਸੀ ਵਿੱਚ ਕੰਟਰੈਕਟ ਉੱਤੇ ਲੈ ਲਿਆ ਗਿਆ ਅਤੇ ਇਸ ਉਮੀਦ ਉੱਤੇ ਡਿਊਟੀ ਕਰਦਾ ਰਿਹਾ ਕਿ ਜਲਦੀ ਉਹ ਕੰਟਰੇਕਟ ਤੋਂ ਰੈਗੂਲਰ ਹੋਵੇਗਾ ਤੇ ਆਪਣੇ ਪਰਿਵਾਰ ਦਾ ਵਧੀਆ ਪਾਲਣ ਪੋਸ਼ਣ ਕਰ ਸਕੇਗਾ। ਪਰ, 20 ਸਾਲ ਦਾ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਸਮੇਂ ਦੀਆਂ ਸਰਕਾਰਾਂ ਵੱਲੋਂ ਜਸਵੀਰ ਸਿੰਘ ਨੂੰ ਕੱਚੇ ਕਾਮੇ ਤੋਂ ਪੱਕਾ ਨਹੀਂ ਕੀਤਾ ਗਿਆ। ਆਖਿਰ 31 ਮਾਰਚ 2024 ਦਿਨ ਐਤਵਾਰ ਨੂੰ ਸਾਥੀ ਜਸਵੀਰ ਸਿੰਘ ਵੀਹ ਸਾਲਾਂ ਦੀਆਂ ਪੀਆਰਟੀਸੀ ਨੂੰ ਸੇਵਾਵਾਂ ਦੇਣ ਤੋਂ ਬਾਅਦ ਵੀ ਨਿਰਾਸ਼ ਹੋ ਕੇ ਕੱਚੇ ਰਿਟਾਇਰ ਹੋ ਕੇ ਖ਼ਾਲੀ ਹੱਥ ਘਰ ਜਾਣ ਲਈ ਮਜਬੂਰ ਹੋ ਗਿਆ।
ਅਜੇ ਵੀ ਮੌਜੂਦਾ ਮੁਲਾਜ਼ਮਾਂ ਨੂੰ ਸਰਕਾਰ ਤੋਂ ਉਮੀਦ: ਪੀਆਰਟੀਸੀ ਅਤੇ ਪਨ ਬਸ ਕੰਟਰੈਕਟ ਵਰਕਰ ਯੂਨੀਅਨ ਦੇ ਸਾਬਕਾ ਪ੍ਰਧਾਨ ਸੰਦੀਪ ਸਿੰਘ ਗਰੇਵਾਲ ਅਤੇ ਪੀਆਰਟੀਸੀ ਵਰਕਸ਼ਾਪ ਯੂਨੀਅਨ ਦੇ ਰੇਸ਼ਮ ਸਿੰਘ ਦਾ ਕਹਿਣਾ ਹੈ ਕਿ ਅਸੀਂ ਸਰਕਾਰ ਤੋਂ ਇਹੋ ਮੰਗ ਕਰਦੇ ਹਾਂ ਕਿ ਪਹਿਲਾਂ ਵੀ ਕਈ ਸਾਥੀ ਕੱਚੇ ਰਿਟਾਇਰ ਹੋ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਕੱਚੇ ਰਿਟਾਇਰ ਹੋਣ ਜਾ ਰਹੇ ਹਨ। ਜਲਦ ਸਰਕਾਰ ਉਨ੍ਹਾਂ ਨੂੰ ਕੋਈ ਪਾਲਿਸੀ ਬਣਾ ਕੇ ਜਾਂ ਪੀਆਰਟੀਸੀ ਦੇ ਆਪਣੇ ਰੂਲਾਂ (1981)ਤਹਿਤ ਰੈਗੂਲਰ ਕਰੇ ਅਤੇ ਬਾਕੀ ਰਹਿੰਦੇ ਵਰਕਰਾਂ ਦੇ ਮਸਲੇ ਹੱਲ ਕਰਦੇ ਹੋਏ ਸਾਰੇ ਵਰਕਰ ਪੱਕੇ ਕੀਤੇ ਜਾਣ। ਇਸ ਮੌਕੇ ਡਿੱਪੂ ਵਿੱਚ ਕੰਮ ਕਰਦੇ ਕੱਚੇ ਅਤੇ ਰੈਗੂਲਰ ਮੁਲਾਜ਼ਮਾਂ ਵੱਲੋਂ ਸਾਥੀ ਜਸਵੀਰ ਸਿੰਘ ਬੀਸੀ 05 ਨੂੰ ਆਪਣੇ ਵੱਲੋਂ ਕੁੱਝ ਪੈਸੇ ਦੇ ਕੇ ਉਸ ਦੀ ਮਾਲੀ ਮਦਦ ਕੀਤੀ ਗਈ।
ਉਨ੍ਹਾਂ ਕਿਹਾ ਕਿ ਇਸ ਪਾਸੇ ਤਾਂ ਸਰਕਾਰ ਦਾਅਵੇ ਕਰਦੀ ਹੈ ਕਿ ਉਹ ਪੰਜਾਬ ਦੀ ਨੌਜਵਾਨੀ ਨੂੰ ਵਿਦੇਸ਼ਾਂ ਚੋਂ ਵਾਪਸ ਪੰਜਾਬ ਲੈ ਆਉਣਗੇ, ਪਰ ਜੇਕਰ ਸਰਕਾਰੀ ਨੌਕਰੀਆਂ ਦੇ ਅਜਿਹੇ ਹਾਲਾਤ ਰਹੇ, ਤਾਂ ਨੌਜਵਾਨ ਨਹੀਂ ਪਰਤਣਗੇ। ਇਸ ਤਰ੍ਹਾਂ ਦੀਆਂ ਨੌਕਰੀਆਂ ਵਿੱਚ ਨੌਜਵਾਨ ਦਿਲਚਸਪੀ ਹੀ ਨਹੀਂ ਦਿਖਾਉਣਗੇ।