ਲੁਧਿਆਣਾ: ਅਕਸਰ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿਥੇ ਪਤਨੀ ਨੇ ਆਪਣੇ ਹੀ ਪਤੀ ਦਾ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮਾਮੂਲੀ ਜਿਹੀ ਲੜਾਈ ਦੌਰਾਨ ਸੋਨਮ ਨੇ ਕੈਂਚੀ ਨਾਲ ਪਤੀ 'ਤੇ ਵਾਰ ਕਰ ਦਿੱਤਾ, ਜਿਸ ਨਾਲ ਉਸ ਦੇ ਪਤੀ ਦਾ ਗਲਾ ਕੱਟਿਆ ਗਿਆ। ਉਸ ਨੂੰ ਖੂਨ ਨਾਲ ਲੱਥਪੱਥ ਹਾਲਤ ਵਿਚ ਸੀ.ਐਮ.ਸੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ। ਇਸ ਦੇ ਨਾਲ ਹੀ ਪੁਲਿਸ ਨੇ ਮਹਿਲਾ ਨੂੰ ਹਿਰਾਸਤ 'ਚ ਲੈ ਲਿਆ ਹੈ।
ਹੌਜ਼ਰੀ ਦੇ ਕੱਪੜਿਆਂ ਦੀ ਦੁਕਾਨ ਚਲਾਉਂਦਾ ਸੀ ਮ੍ਰਿਤਕ: ਮ੍ਰਿਤਕ ਦੀ ਪਛਾਣ ਗੌਰਵ ਕੁਮਾਰ ਵਾਸੀ ਬਸੰਤ ਨਗਰ ਵਜੋਂ ਹੋਈ ਹੈ। ਉਹ ਘਰ ਚ ਹੀ ਹੌਜ਼ਰੀ ਦੇ ਕੱਪੜਿਆਂ ਦੀ ਦੁਕਾਨ ਚਲਾਉਂਦਾ ਸੀ ਤੇ ਘਰ ਦੀ ਉਪਰਲੀ ਮੰਜ਼ਿਲ 'ਤੇ ਆਪਣੇ ਦੋ ਬੱਚਿਆਂ ਅਤੇ ਪਤਨੀ ਨਾਲ ਰਹਿੰਦਾ ਸੀ। ਉਸ ਦੀ ਇੱਕ ਲੜਕਾ ਤੇ ਇੱਕ ਲੜਕੀ ਹੈ, ਜਿੰਨ੍ਹਾਂ 'ਚ ਲੜਕੇ ਦੀ ਉਮਰ 12 ਸਾਲ ਅਤੇ ਧੀ ਦੀ ਉਮਰ 1.5 ਸਾਲ ਦੀ ਹੈ, ਇਸ ਘਟਨਾ ਤੋਂ ਬਾਅਦ ਦੀ ਇਕ ਵੀਡਿਓ ਵੀ ਸਾਹਮਣੇ ਆਈ ਹੈ ਜਿਸ ਵਿਚ ਬੱਚੇ ਵਿਖਾਈ ਦੇ ਰਹੇ ਹਨ। ਸੋਨਮ ਨੂੰ ਆਪਣੇ ਕੀਤੇ 'ਤੇ ਪਛਤਾਵਾ ਹੈ।
ਕਾਤਲ ਪਤਨੀ ਕੀਤੀ ਗ੍ਰਿਫ਼ਤਾਰ: ਪੁਲਿਸ ਦੀ ਸ਼ੁਰੂਆਤੀ ਜਾਂਚ ਮੁਤਾਬਕ ਗੌਰਵ ਦਾ ਆਪਣੀ ਪਤਨੀ ਸੋਨਮ ਨਾਲ ਅਕਸਰ ਲੜਾਈ-ਝਗੜਾ ਰਹਿੰਦਾ ਸੀ। ਮੰਗਲਵਾਰ ਸਵੇਰੇ ਗੌਰਵ ਅਤੇ ਸੋਨਮ ਕਿਸੇ ਗੱਲ ਨੂੰ ਲੈ ਕੇ ਫਿਰ ਤੋਂ ਲੜ ਪਏ। ਸੋਨਮ ਨੇ ਹੌਜ਼ਰੀ ਲਈ ਵਰਤਿਆ ਜਾਣ ਵਾਲਾ ਕਟਰ ਗੌਰਵ ਵੱਲ ਸੁੱਟ ਦਿੱਤਾ ਅਤੇ ਕਟਰ ਗੌਰਵ ਦੀ ਗਰਦਨ ਦੇ ਪਿਛਲੇ ਪਾਸੇ ਵੱਜਿਆ ਅਤੇ ਉਸ ਦਾ ਗਲਾ ਕੱਟ ਗਿਆ ਅਤੇ ਗੌਰਵ ਨੂੰ ਹਸਪਤਾਲ ਲਿਜਾਉਣ ਦੇ ਵਿੱਚ ਵੀ ਕਾਫੀ ਦੇਰੀ ਹੋ ਗਈ, ਜਿਸ ਕਰਕੇ ਉਸ ਨੇ ਦਮ ਤੋੜ ਦਿੱਤਾ। ਇਸ ਸਬੰਧੀ ਪੁਲਿਸ ਅਫਸਰ ਨੇ ਦੱਸਿਆ ਹੈ ਕਿ ਅਸੀਂ ਸੋਨਮ ਨੂੰ ਗ੍ਰਿਫਤਾਰ ਕਰ ਲਿਆ ਹੈ। ਲਗਭਗ 13 ਸਾਲ ਉਹਨਾਂ ਦੇ ਵਿਆਹ ਨੂੰ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਸੋਨਮ ਨੇ ਦੱਸਿਆ ਹੈ ਕਿ ਉਸ ਨੇ ਜਾਣਬੁਝ ਕੇ ਹਮਲਾ ਨਹੀਂ ਕੀਤਾ ਸੀ, ਗਲਤੀ ਨਾਲ ਉਸ ਤੋਂ ਇਹ ਹਮਲਾ ਹੋਇਆ ਅਤੇ ਉਸ ਦੀ ਗਰਦਨ 'ਤੇ ਹੋ ਸਕਦਾ ਜਾ ਕੇ ਲੱਗਾ ਜਿਸ ਕਾਰਨ ਇਹ ਹਾਦਸਾ ਹੋ ਗਿਆ।
ਬੱਚੇ ਸਾਹਮਣੇ ਕੀਤੀ ਵਾਰਦਾਤ: ਇਸ ਦੇ ਨਾਲ ਹੀ ਜੋਧੇਵਾਲ ਥਾਣਾ ਇੰਚਾਰਜ ਪਰਮਦੀਪ ਨੇ ਦੱਸਿਆ ਕਿ ਘਟਨਾ ਸਮੇਂ ਗੌਰਵ ਅਤੇ ਸੋਨਮ ਦਾ 11 ਸਾਲਾ ਬੱਚਾ ਘਰ ਵਿੱਚ ਮੌਜੂਦ ਸੀ। ਪੁਲਿਸ ਉਸ ਦੇ ਬਿਆਨ ਦਰਜ ਕਰੇਗੀ। ਪੁਲਿਸ ਨੇ ਸੋਨਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਉਸ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।