ਅੰਮ੍ਰਿਤਸਰ: ਹੁਣ ਨਰਾਤਿਆਂ ਤੋਂ ਬਾਅਦ ਦੇਸ਼ ਭਰ ਵਿੱਚ ਸਭ ਨੂੰ ਕਰਵਾ ਚੌਥ ਦੀ ਉਡੀਕ ਰਹੇਗੀ। ਖਾਸਕਰ ਵਿਆਹਿਆਂ ਮਹਿਲਾਵਾਂ ਵਿੱਚ ਕਰਵਾ ਚੌਥ ਨੂੰ ਲੈ ਕੇ ਖਾਸ ਉਤਸ਼ਾਹ ਪਾਇਆ ਜਾਂਦਾ ਹੈ। ਅੱਜ ਤੁਹਾਨੂੰ ਅਸੀਂ ਦੱਸਾਂਗੇ ਆਖਿਰ ਕੀ ਹੈ ਇਸ ਕਰਵਾ ਚੌਥ ਪਿੱਛੇ ਦੀ ਕਹਾਣੀ ਅਤੇ ਛਲਣੀ ਵਿੱਚ ਦੀਵਾ ਰੱਖ ਕੇ ਅਰਘ ਦੇਣਾ ਹੀ ਕਿਉਂ ਜ਼ਰੂਰੀ ਹੁੰਦਾ ਹੈ। ਕਿਵੇਂ ਕਰਵਾ ਚੌਥ ਦਾ ਵਰਤ ਸ਼ੁਰੂ ਹੋ ਕੇ ਖ਼ਤਮ ਕੀਤਾ ਜਾਂਦਾ ਹੈ, ਇਹ ਸਾਰਾ ਕੁਝ ਦੇਖੋ ਇਸ ਵਿਸ਼ੇਸ਼ ਰਿਪੋਰਟ ਵਿੱਚ। ਕਰਵਾ ਚੌਥ ਦੇ ਵਰਤ ਬਾਰੇ ਸ੍ਰੀ ਦੁਰਗਿਆਣਾ ਮੰਦਰ ਦੇ ਪੰਡਿਤ ਮੇਘ ਸ਼ਾਮ ਸ਼ਾਸ਼ਤਰੀ ਜੀ ਨੇ ਪੂਰੀ ਜਾਣਕਾਰੀ ਸਾਂਝੀ ਕੀਤੀ।
ਇਸ ਵਾਰ ਕਰਵਾ ਚੌਥ ਵਾਲਾ ਪੂਰਾ ਦਿਨ ਸ਼ੁੱਭ
ਇਸ ਮੌਕੇ ਪੰਡਿਤ ਮੇਘ ਸ਼ਾਮ ਸ਼ਾਸ਼ਤਰੀ ਜੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਕਰਵਾ ਚੌਥ ਦਾ ਵਰਤ ਸੁਹਾਗਣਾ ਆਪਣੇ ਪਤੀ ਦੀ ਲੰਬੀ ਉਮਰ ਲਈ ਰੱਖਦੀਆਂ ਹਨ, ਤਾਂ ਕਿ ਉਨ੍ਹਾਂ ਦੇ ਪਤੀ ਤੰਦਰੁਸਤ ਤੇ ਸਿਹਤਮੰਦ ਰਹਿਣ। ਅਜਿਹੀ ਮਾਨਤਾ ਸਦੀਆਂ ਤੋਂ ਚੱਲਦੀ ਆ ਰਹੀ ਹੈ। ਪੰਡਿਤ ਜੀ ਨੇ ਦੱਸਿਆ ਕਿ ਇੱਸ ਵਾਰ ਇਹ ਵਰਤ 20 ਅਕਤੂਬਰ ਵਾਲ਼ੇ ਦਿਨ ਹੈ। ਇਹ ਦਿਨ ਬਹੁਤ ਸ਼ੁੱਭ ਹੈ ਅਤੇ ਇਸ 20 ਤਰੀਕ ਨੂੰ ਪੂਰਾ ਦਿਨ ਸ਼ੁੱਭ ਹੈ ਤੇ ਕੋਈ ਦੋਸ਼ ਆਦਿ ਨਹੀਂ ਹੈ।
ਕਿਵੇਂ ਹੁੰਦੀ ਕਰਵਾ ਚੌਥ ਦੀ ਸ਼ੁਰੂਆਤ ?
ਪੰਡਿਤ ਮੇਘ ਸ਼ਾਮ ਸ਼ਾਸ਼ਤਰੀ ਜੀ ਨੇ ਕਿਹਾ ਕਿ ਕਰਵਾ ਚੌਥ ਵਾਲ਼ੇ ਦਿਨ ਸਵੇਰੇ ਉੱਠ ਕੇ ਸੁਹਾਗਣਾ ਨਹਾ ਧੋ ਕੇ ਸੂਰਜ ਚੜ੍ਹਨ ਤੋਂ ਪਹਿਲਾਂ ਫਲ, ਕੁੱਝ ਮਿੱਠਾ ਜਾਂ ਕੋਈ ਇੱਕ ਪਰੌਂਠੀ ਆਲੂ ਦੀ ਸਬਜ਼ੀ ਨਾਲ ਜਾਂ ਦੁੱਧ ਵਿੱਚ ਫੈਣੀਆਂ ਪਾ ਕੇ ਖਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਜਦੋਂ ਸੂਰਜ ਚੜ੍ਹ ਜਾਂਦਾ ਹੈ, ਤਾਂ ਸੁਹਾਗਣਾ ਗਨਪਤੀ ਜੀ ਦੀ ਪੂਜਾ ਕਰਦੀਆਂ ਹਨ ਤੇ ਸ਼ੰਕਰ ਪਾਰਵਤੀ ਦੀਆਂ ਪੂਜਾ ਕਰਦੀਆਂ ਹਨ, ਕਿਉਂਕਿ ਇਸ ਦਿਨ ਸੁਹਾਗਣ ਗੋਰਾ ਮਾਤਾ ਨੂੰ ਪੂਜਦੀਆਂ ਹਨ ਤੇ ਸ਼ਾਮ ਨੂੰ ਚੰਦਰਮਾ ਵੇਖ ਕੇ ਤੇ ਉਸ ਨੂੰ ਅਰਘ ਦੇ ਕੇ ਇਹ ਵਰਤ ਨੂੰ ਤੋੜਦੀਆਂ ਹਨ। ਪਹਿਲਾਂ ਆਪਣੇ ਪਤੀ ਨੂੰ ਭੋਜਨ ਕਰਾਉਂਦੀਆਂ ਹਨ ਤੇ ਬਾਅਦ ਵਿੱਚ ਖੁਦ ਭੋਜਨ ਕਰਦੀਆਂ ਹਨ।
ਪੰਜਾਬ ਵਿੱਚ ਹੀ ਹੈ ਸਰਗੀ ਦੇਣਾ ਤੇ ਖਾਣ ਦਾ ਰਿਵਾਜ਼
ਪੰਡਿਤ ਮੇਘ ਸ਼ਾਮ ਸ਼ਾਸ਼ਤਰੀ ਜੀ ਨੇ ਕਿਹਾ ਕਿ ਜਿਹੜੀ ਸਰਗੀ ਹੈ ਉਸ ਦਾ ਰਿਵਾਜ਼ ਸਿਰਫ ਪੰਜਾਬ ਵਿੱਚ ਹੀ ਹੈ। ਪੰਜਾਬ ਤੋਂ ਬਾਹਰ ਸਰਗੀ ਦਾ ਕੋਈ ਰਿਵਾਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੀ ਔਰਤਾਂ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਭੋਜਨ ਗ੍ਰਹਿਣ ਕਰਦੀਆਂ ਹਨ, ਪਰ ਪੰਜਾਬ ਤੋਂ ਬਾਹਰ ਔਰਤਾਂ ਸਵੇਰੇ ਉੱਠਦੇ ਸਾਰ ਹੀ ਨਹਾ ਧੋ ਕੇ ਪਾਠ ਪੂਜਾ ਕਰਕੇ ਸਾਰਾ ਦਿਨ ਸੁੱਚੇ ਮੂੰਹ ਰਹਿੰਦੀਆਂ ਹਨ ਤੇ ਕੁਝ ਵੀ ਖਾਂਦੀਆਂ ਪੀਂਦੀਆਂ ਨਹੀਂ। ਉਨ੍ਹਾਂ ਕਿਹਾ ਕਿ ਕਈ ਵਾਰ ਵੇਖਿਆ ਜਾਂਦਾ ਹੈ ਕਿ ਜਿਹੜਾ ਸਮਾਂ ਦਿੱਤਾ ਹੁੰਦਾ ਉਸ ਸਮੇਂ ਤੇ ਚੰਦਰਮਾ ਨਹੀਂ ਨਿਕਲਦਾ ਜਾਂ ਘੰਟਾ ਦੋ ਘੰਟੇ ਲੇਟ ਵੀ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਰਾਤ ਨੂੰ 9 ਵਜੇ ਚੰਦਰਮਾ ਦਿਖਾਈ ਦਿੰਦਾ ਹੈ ਤੇ ਕਈ ਵਾਰ 10 ਵੀ ਵੱਜ ਜਾਂਦੇ ਹਨ, ਪਰ ਇਸ ਦਿਨ ਚੰਦਰਮਾ ਦਰਸ਼ਨ ਜਰੂਰ ਦਿੰਦਾ ਹੈ। ਚਾਹੇ ਜਿੰਨਾ ਮਰਜ਼ੀ ਸਮਾਂ ਦੇ ਲਈ ਲਵੇ ਜਾਂ ਦੇਵੇ।
ਸਰਗੀ ਵਿੱਚ ਕਿਹੜਾ-ਕਿਹੜਾ ਸਾਮਾਨ ਸ਼ਾਮਲ ਹੁੰਦਾ ਹੈ?
ਜੋ ਸਰਗੀ ਦਿੱਤੀ ਜਾਂਦੀ ਹੈ, ਉਸ ਵਿੱਚ ਗੰਨੇ ਦੇ ਛੋਟੇ ਛੋਟੇ ਟੁਕੜੇ (ਗਨ੍ਹੇਰੀਆਂ), ਫੈਨੀਆਂ ਹੁੰਦੀਆਂ ਹਨ। ਇਸ ਤੋਂ ਇਲਾਵਾ ਫਿੱਕੀ ਤੇ ਮਿੱਠੀ ਮੱਠੀ, ਮਿਠਾਈ ਤੇ ਫਲ ਹੁੰਦੇ ਹੈ। ਇਸੇ ਸਰਗੀ ਦੇ ਥਾਲ ਵਿੱਚ ਸੁਹਾਗਣਾਂ ਦੇ ਸ਼ਿੰਗਾਰ ਦਾ ਸਾਰਾ ਸਾਮਾਨ ਹੁੰਦਾ ਹੈ। ਇੱਕ ਦਿਨ ਪਹਿਲਾਂ ਸੱਸ ਜਾਂ ਸੱਸ ਨਾ ਹੋਵੇ ਤਾਂ ਘਰ ਦਾ ਕੋਈ ਵੱਡਾ ਨੂੰਹ ਨੂੰ ਸਰਗੀ ਦਿੰਦਾ ਹੈ। ਫਿਰ ਕਥਾ ਸੁਣਨ ਤੋਂ ਬਾਅਦ ਨੂੰਹ ਸੱਸ ਜਾਂ ਜਠਾਣੀ ਜਾਂ ਕਿਸੇ ਵੱਡੇ ਨੂੰ ਕੋਈ ਵੀ ਸੂਟ ਨਾਲ ਮਿੱਠਾ ਆਦਿ ਦਿੰਦੀਆਂ ਹਨ। ਜੇਕਰ ਘਰ ਵਿੱਚ ਸੱਸ, ਜੇਠਾਣੀ ਜਾਂ ਨਨਾਣ ਨਾ ਹੋਵੇ ਤਾਂ ਨੂੰਹ ਆਪਣੇ ਸਹੁਰੇ ਕੋਲੋਂ ਵੀ ਸਰਗੀ ਲੈ ਸਕਦੀ ਹੈ।
ਕੀ ਹੁੰਦਾ 'ਕਰਵਾ' ?
ਪੰਡਿਤ ਨੇ ਕਿਹਾ ਕਿ ਇਹ ਨਿਰਾਹਾਰ ਵਰਤ ਹੁੰਦਾ ਹੈ। ਇਸ ਵਿੱਚ ਸਾਰਾ ਦਿਨ ਕੁਝ ਵੀ ਖਾਣਾ ਪੀਣਾ ਨਹੀਂ ਹੁੰਦਾ। ਪਾਣੀ ਵੀ ਸੂਰਜ ਚੜਨ ਤੋਂ ਪਹਿਲਾਂ ਹੀ ਇੱਕ ਸਮਾਂ ਹੀ ਪੀਣਾ ਹੁੰਦਾ ਹੈ। ਉਸ ਤੋਂ ਬਾਅਦ ਸਾਰਾ ਦਿਨ ਪਾਣੀ ਵੀ ਨਹੀਂ ਪੀਣਾ ਹੁੰਦਾ ਤੇ ਕਈ ਵਾਰ ਵੇਖਿਆ ਜਾਂਦਾ ਹੈ ਕਿ ਔਰਤ ਦੀ ਤਬੀਅਤ ਠੀਕ ਨਾ ਹੋਣ ਕਰਕੇ ਜਦੋਂ ਸ਼ਾਮ ਦੇ ਵੇਲੇ ਉਹ ਪੂਜਾ ਪਾਠ ਕਰ ਲੈਂਦੀਆਂ ਹਨ ਤੇ ਫਿਰ ਦੁੱਧ ਜਾਂ ਚਾਹ ਪੀ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਕਰਵਾ ਇੱਕ ਮਿੱਟੀ ਦਾ ਭਾਂਡਾ ਹੁੰਦਾ ਹੈ, ਜੋ ਗੜਵੀ ਵਰਗਾ ਹੁੰਦਾ ਉਸ ਵਿੱਚ ਛੇਕ ਹੁੰਦਾ ਹੈ। ਉਸ ਵਿੱਚ ਪਾਣੀ ਭਰਕੇ ਕਥਾ ਸੁਣਦਿਆ ਹਨ ਤੇ ਫਿਰ ਮਿੱਠਾ ਕਰ ਕੇ ਉਸ ਜਲ ਦੇ ਨਾਲ ਹੀ ਅਰਗ ਦਿੱਤਾ ਜਾਂਦਾ ਹੈ।
ਕਰਵਾ ਚੌਥ ਰੱਖਣ ਵਾਲੀਆਂ ਔਰਤਾਂ ਨੂੰ ਕੀ ਨਹੀਂ ਕਰਨਾ ਚਾਹੀਦਾ
ਪੰਡਿਤ ਸ਼ਾਸਤਰੀ ਨੇ ਕਿਹਾ ਕਿ ਵਰਤ ਵਾਲ਼ੇ ਦਿਨ ਕਿਸੀ ਨਾਲ਼ ਝਗੜਾ ਨਹੀਂ ਕਰਨਾ ਚਾਹੀਦਾ। ਚੁੱਪ ਰਹਿਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਔਰਤਾਂ ਨੂੰ ਸਵੇਰੇ ਉੱਠ ਕੇ ਨਹਾ ਧੋ ਕੇ ਪਾਠ ਪੂਜਾ ਕਰਨੀ ਚਾਹੀਦੀ ਹੈ। ਸ਼ਾਮ ਨੂੰ ਕਥਾ ਸੁਣ ਕੇ ਰਾਤ ਨੂੰ ਜੋ ਚੰਦਰਮਾ ਨਿਕਲਦਾ ਹੈ ਤੇ ਉਸ ਨੂੰ ਅਰਗ ਦੇ ਕੇ ਵਰਤ ਪਾਰਣ ਕਰਨਾ ਚਾਹੀਦਾ ਹੈ। ਇਸ ਦਿਨ ਔਰਤਾਂ ਕੈਂਚੀ ਚਲਾਉਣ ਵਾਲਾ ਕੰਮ ਨਹੀਂ ਕਰਦੀਆਂ। ਇਹ ਵੀ ਮੰਨਿਆ ਜਾਂਦਾ ਹੈ ਕਿ ਸੁੱਤੇ ਨੂੰ ਜਗਾਉਣਾ ਨਹੀਂ ਚਾਹੀਦੀ ਅਤੇ ਇਸ ਤੋਂ ਇਲਾਵਾ ਸੂਈ ਧਾਗੇ ਦਾ ਕੰਮ ਵਰਜਿਤ ਹੁੰਦਾ ਹੈ।
ਛੱਲਣੀ 'ਚ ਦੀਵਾ ਜਗਾ ਕੇ ਕਿਉਂ ਦਿੱਤਾ ਜਾਂਦਾ ਅਰਗ ?
ਪੰਡਿਤ ਜੀ ਨੇ ਦੱਸਿਆ ਹੈ ਕਰਵਾ ਚੌਥ ਉੱਤੇ ਜਿਆਦਾਤਰ ਔਰਤਾਂ ਪੰਜਾਬ ਵਿੱਚ ਹੀ ਛੱਲਣੀ ਦਾ ਪ੍ਰਯੋਗ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਚੰਦਰਮਾ ਨੂੰ ਅਰਗ ਦੇਣਾ ਹੁੰਦਾ ਹੈ, ਤਾਂ ਛਲਣੀ ਵਿੱਚ ਦੀਵਾ ਰੱਖ ਕੇ ਉਹ ਆਪਣੇ ਪਤੀ ਨੂੰ ਵੇਖ ਕੇ ਤੇ ਚੰਦਰਮਾ ਦੇ ਦਰਸ਼ਨ ਕਰਦੀਆਂ ਹਨ ਤੇ ਫਿਰ ਚੰਦਰਮਾ ਨੂੰ ਅਰਗ ਦਿੰਦੀਆਂ ਹਨ। ਕਥਾ ਅਨੁਸਾਰ ਛੱਲਣੀ ਤੋਂ ਚੰਦਰਮਾ ਦੇਖ ਕੇ ਪਤੀ ਨੂੰ ਦੇਖਦੀਆਂ ਹਨ, ਤਾਂ ਜੋ ਚੰਦਰਮਾ ਸਾਫ ਦਿਖੇ। ਇਸ ਤੋਂ ਇਲਾਵਾ, ਛੱਲਣੀ ਵਿੱਚ ਦੀਵਾ ਰੱਖਣ ਨਾਲ ਚੰਨ ਦਾ ਪ੍ਰਤੀਬਿੰਬ ਸਾਫ ਨਜ਼ਰ ਆਉਂਦਾ ਹੈ।
ਕਿ ਜੇ ਕਿ ਛਲਨੀ ਨਾ ਵੀ ਹੋਵੇ ਤਾਂ ਥਾਲੀ ਵਿੱਚ ਦੀਵਾ ਜਗਾ ਕੇ ਅਤੇ ਗੜਵੀ (ਕਰਵਾ) ਰੱਖ ਕੇ ਚੰਦਰਮਾ ਨੂੰ ਜਲ (ਅਰਗ) ਦਿੱਤਾ ਜਾਂਦਾ ਹੈ ਤੇ ਪਤੀ ਦੀ ਪੂਜਾ ਕੀਤੀ ਜਾ ਸਕਦੀ ਹੈ। ਪੰਡਿਤ ਜੀ ਨੇ ਕਿਹਾ ਕਿ 20 ਅਕਤੂਬਰ ਦਾ ਦਿਨ ਬਹੁਤ ਹੀ ਸ਼ੁੱਭ ਮੰਨਿਆ ਗਿਆ ਹੈ।