ਲੁਧਿਆਣਾ: ਪੰਜਾਬ ਦੇ ਵਿੱਚ ਮੌਸਮ ਦੇ ਅੰਦਰ ਵੱਡੀਆਂ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਹਨ। ਖਾਸ ਕਰਕੇ ਜੇਕਰ ਗੱਲ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੀ ਕੀਤੀ ਜਾਵੇ ਤਾਂ ਧੂੰਏ ਦੇ ਕਰਕੇ ਮੌਸਮ ਦੇ ਵਿੱਚ ਵਿਜੀਬਿਲਿਟੀ ਕਾਫੀ ਘੱਟ ਵਿਖਾਈ ਦੇ ਰਹੀ ਹੈ। ਉੱਥੇ ਹੀ ਦਿਨ ਦਾ ਤਾਪਮਾਨ ਵੀ ਕਾਫੀ ਘਟਿਆ ਹੈ।
ਰਾਤ ਦਾ ਤਾਪਮਾਨ ਵੱਧ
ਇਸ ਵਕਤ ਦਿਨ ਦਾ ਤਾਪਮਾਨ 27 ਡਿਗਰੀ ਦੇ ਨੇੜੇ ਚੱਲ ਰਿਹਾ ਹੈ, ਜੋ ਕਿ ਆਮ ਹੈ। ਜਦੋਂ ਕਿ ਦੂਜੇ ਪਾਸੇ ਰਾਤ ਦਾ ਤਾਪਮਾਨ 18 ਡਿਗਰੀ ਦੇ ਨੇੜੇ ਚੱਲ ਰਿਹਾ ਹੈ, ਜੋ ਕਿ ਆਮ ਨਾਲੋਂ ਛੇ ਤੋਂ ਸੱਤ ਡਿਗਰੀ ਜਿਆਦਾ ਹੈ। ਅਜਿਹਾ ਨਵੰਬਰ ਮਹੀਨੇ ਦੇ ਵਿੱਚ ਪਿਛਲੇ ਕਈ ਸਾਲਾਂ ਦੇ ਵਿੱਚ ਨਹੀਂ ਹੋਇਆ, ਇੱਕ ਤਰ੍ਹਾਂ ਦਾ ਇਹ ਰਿਕਾਰਡ ਹੈ।
ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ
ਮੌਸਮ ਵਿਭਾਗ ਮੁਤਾਬਿਕ ਰਾਤ ਦਾ ਤਾਪਮਾਨ ਜ਼ਿਆਦਾ ਹੋਣ ਕਰਕੇ ਮੌਸਮ ਸਾਫ਼ ਨਹੀਂ ਹੋ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕੋਈ ਬਾਰਿਸ਼ ਦੀ ਸੰਭਾਵਨਾ ਨਹੀਂ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਭਾਗ ਦੀ ਮੁਖੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਉਹਨਾਂ ਲੋਕਾਂ ਨੂੰ ਵੀ ਸੁਚੇਤ ਰਹਿਣ ਦੀ ਸਲਾਹ ਦਿੱਤੀ।
ਸਮੋਗ ਦੇ ਸੰਪਰਕ ਵਿੱਚ ਆਉਣ ਤੋਂ ਗੁਰੇਜ
ਉਹਨਾਂ ਕਿਹਾ ਕਿ ਜਦੋਂ ਹਵਾ ਦੀ ਗਤੀ ਘੱਟ ਹੁੰਦੀ ਹੈ ਅਤੇ ਪ੍ਰਦੂਸ਼ਣ ਦਾ ਪੱਧਰ ਉਸ ਵਕਤ ਜਿਆਦਾ ਵੱਧ ਜਾਂਦਾ ਹੈ। ਉਹਨਾਂ ਕਿਹਾ ਕਿ ਏਅਰ ਕੁਆਲਿਟੀ ਇੰਡੈਕਸ ਕਾਫੀ ਉੱਪਰ ਚੱਲ ਰਹੇ ਹਨ। ਇਸ ਕਰਕੇ ਆਮ ਲੋਕਾਂ ਨੂੰ ਵੀ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ। ਸਿੱਧੇ ਤੌਰ 'ਤੇ ਸਮੋਗ ਦੇ ਸੰਪਰਕ ਵਿੱਚ ਆਉਣ ਤੋਂ ਗੁਰੇਜ ਕਰਨ ਦੀ ਲੋੜ ਹੈ।