ਚੰਡੀਗੜ੍ਹ: ਪੰਜਾਬ 'ਚ ਪੰਚਾਇਤੀ ਚੋਣਾਂ ਨੂੰ ਲੈਕੇ ਪਿਛਲੇ ਕਈ ਦਿਨਾਂ ਤੋਂ ਅੜਮੱਸ ਪਿਆ ਹੋਇਆ ਹੈ। ਇਸ ਦੇ ਚੱਲਦੇ ਬੀਤੇ ਦਿਨ ਯਾਨੀ ਮੰਗਲਵਾਰ ਨੂੰ ਪੰਚਾਇਤੀ ਚੋਣਾਂ ਦੌਰਾਨ ਕਈ ਥਾਵਾਂ 'ਤੇ ਹਿੰਸਾ, ਬੂਥ ਕੈਪਚਰਿੰਗ ਅਤੇ ਹੋਰ ਬੇਨਿਯਮੀਆਂ ਦੀਆਂ ਖਬਰਾਂ ਸਾਹਮਣੇ ਆਈਆਂ ਹਨ ਤੇ ਕਈ ਥਾਵਾਂ 'ਤੇ ਉਮੀਦਵਾਰਾਂ ਦੇ ਬੈਲਟ ਪੇਪਰਾਂ ਉੱਤੇ ਚੋਣ ਨਿਸ਼ਾਨ ਬਦਲੇ ਜਾਣ ਦੇ ਮਾਮਲੇ ਵੀ ਸਾਹਮਣੇ ਆਏ ਹਨ, ਜਿਸ ਕਾਰਨ ਰਾਜ ਚੋਣ ਕਮਿਸ਼ਨ ਕੋਲ ਬਹੁਤ ਸਾਰੀਆਂ ਸ਼ਿਕਾਇਤਾਂ ਪਹੁੰਚੀਆਂ ਸਨ।
ਪਟਿਆਲਾ ਜ਼ਿਲ੍ਹੇ ਦੇ ਤਿੰਨ ਪੰਚਾਇਤਾਂ ਦੇ ਨਾਂ ਸ਼ਾਮਲ
ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਦਿੱਤੇ ਆਦੇਸ਼ਾਂ ਮੁਤਾਬਕ ਪਟਿਆਲਾ, ਮਾਨਸਾ, ਫਿਰੋਜ਼ਪੁਰ ਅਤੇ ਮੋਗਾ ਦੇ ਕਈ ਪਿੰਡਾਂ 'ਚ ਮੁੜ ਤੋਂ ਵੋਟਿੰਗ ਦੇ ਹੁਕਮ ਦਿੱਤੇ ਗਏ ਹਨ। ਇਸ ਦੇ ਚੱਲਦੇ ਪਟਿਆਲਾ ਜ਼ਿਲ੍ਹੇ ਦੇ ਤਿੰਨ ਪਿੰਡਾਂ 'ਚ ਮੁੜ ਤੋਂ ਅੱਜ ਵੋਟਿੰਗ ਚੱਲ ਰਹੀ ਹੈ। ਜਿਸ 'ਚ ਸਨੌਰ ਬਲਾਕ ਦੇ ਪਿੰਡ ਖੁੱਡਾ, ਭੁੱਨਰਹੇੜੀ ਬਲਾਕ ਦੇ ਪਿੰਡ ਖੇੜੀ ਰਾਜੂ ਸਿੰਘ ਅਤੇ ਪਾਤੜਾਂ ਬਲਾਕ ਦੇ ਪਿੰਡ ਕਰੀਮਨਗਰ (ਚਿੱਚੜਵਾਲ) ਵਿੱਚ ਅੱਜ ਮਿਤੀ 16 ਅਕਤੂਬਰ ਯਾਨੀ ਅੱਜ ਸਵੇਰੇ 8 ਵਜੇ ਤੋਂ ਦੁਬਾਰਾ ਵੋਟਾਂ ਪੈ ਰਹੀਆਂ ਹਨ ਤੇ ਇਹ ਵੋਟਿੰਗ ਸ਼ਾਮ 4 ਵਜੇ ਤੱਕ ਹੋਵੇਗੀ, ਜਿਸ ਤੋਂ ਮਗਰੋਂ ਨਤੀਜੇ ਐਲਾਨੇ ਜਾਣਗੇ। ਦੱਸ ਦਈਏ ਕਿ ਬੀਤੀ ਰਾਤ ਪ੍ਰਾਪਤ ਹੋਏ ਅੰਕੜਿਆਂ ਅਨੁਸਾਰ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਗ੍ਰਾਮ ਪੰਚਾਇਤ ਚੋਣਾਂ ਵਿੱਚ ਪਈਆਂ ਵੋਟਾਂ ਦੀ ਪੋਲਿੰਗ ਪ੍ਰਤੀਸ਼ਤਤਾ 73.57% ਰਹੀ ਹੈ।
ਇੰਨ੍ਹਾਂ ਤਿੰਨ ਜ਼ਿਲ੍ਹਿਆਂ ਦੇ ਪਿੰਡਾਂ 'ਚ ਵੀ ਮੁੜ ਵੋਟਿੰਗ
ਇਸ ਤੋਂ ਇਲਾਵਾ ਮਾਨਸਾ ਜ਼ਿਲ੍ਹੇ ਦੇ ਗ੍ਰਾਮ ਪੰਚਾਇਤ ਮਾਨਸਾ ਖੁਰਦ 'ਚ ਸਰਪੰਚ ਅਤੇ ਪੰਜ ਪੰਚਾਂ ਦੀ ਵੋਟਿੰਗ ਹੋ ਰਹੀ ਹੈ, ਫਿਰੋਜ਼ਪੁਰ ਜ਼ਿਲ੍ਹੇ 'ਚ ਬਲਾਕ ਜ਼ੀਰਾ ਦੇ ਲੋਹਕੇ ਖੁਰਦ ਦੀ ਸਾਰੀ ਗ੍ਰਾਮ ਪੰਚਾਇਤ ਦੀ ਚੋਣ ਮੁੜ ਹੋਵੇਗੀ। ਇਸ ਤੋਂ ਇਲਾਵਾ ਮੋਗਾ ਜ਼ਿਲ੍ਹੇ ਦੇ ਗ੍ਰਾਮ ਪੰਚਾਇਤ ਕੋਟਲਾ ਮੇਹਰ ਸਿੰਘਵਾਲਾ ਦੇ ਬੂਥ 118 ਅਤੇ 119 ਦੀ ਮੁੜ ਚੋਣ ਹੋਵੇਗੀ।
ਦੱਸ ਦਈਏ ਕਿ ਪੰਜਾਬ ਵਿੱਚ ਕੁੱਲ 13,937 ਗ੍ਰਾਮ ਪੰਚਾਇਤਾਂ ਹਨ। ਇਨ੍ਹਾਂ ਵਿੱਚੋਂ 3798 ਸਰਪੰਚ ਪਹਿਲਾਂ ਹੀ ਬਿਨਾਂ ਮੁਕਾਬਲਾ ਚੁਣੇ ਜਾ ਚੁੱਕੇ ਹਨ। ਇਸ ਦੇ ਨਾਲ ਹੀ 48861 ਪੰਚ ਵੀ ਬਿਨਾਂ ਵੋਟ ਦੇ ਜਿੱਤ ਗਏ। ਇਸ ਤੋਂ ਇਲਾਵਾ 25588 ਸਰਪੰਚ ਅਹੁਦਿਆਂ ਅਤੇ 80598 ਪੰਚ ਅਹੁਦਿਆਂ ਲਈ ਵੋਟਾਂ ਪਈਆਂ। ਇਹ ਚੋਣ ਬੈਲਟ ਪੇਪਰ ਰਾਹੀਂ ਕਰਵਾਈ ਗਈ ਸੀ।