ਲੁਧਿਆਣਾ: ਵਿਧਾਨ ਸਭਾ ਹਲਕਾ ਸਮਰਾਲਾ ਵਿੱਚ ਪੈਂਦੇ ਤਿੰਨ ਪਿੰਡ ਮੁਸ਼ਕਾਬਾਦ, ਖੀਰਨੀਆਂ ਅਤੇ ਟੱਪਰੀਆਂ ਪਿੰਡ ਸੇਲ ਉੱਤੇ ਹਨ। ਇਨ੍ਹਾਂ ਤਿੰਨ ਪਿੰਡ ਵਾਸੀਆਂ ਨੇ ਆਪਣੇ ਪਿੰਡ ਵੇਚਣ ਦਾ ਫੈਸਲਾ ਕੀਤਾ ਹੈ ਅਤੇ ਇਨ੍ਹਾਂ ਪਿੰਡਾਂ ਦੇ ਹਰ ਘਰ ਉੱਤੇ ਫਾਰ ਸੇਲ ਦੇ ਪੋਸਟਰ ਲੱਗ ਚੁੱਕੇ ਹਨ। ਪਿੰਡ ਦੇ ਲੋਕ ਪਲਾਇਨ ਕਰਨ ਲਈ ਮਜਬੂਰ ਹਨ ਜਿਸ ਦਾ ਕਾਰਨ ਪਿੰਡ ਵਿੱਚ ਲੱਗ ਰਹੀ ਗੈਸ ਫੈਕਟਰੀ ਹੈ ਜਿਸ ਦੀ ਉਸਾਰੀ ਲਗਾਤਾਰ ਚੱਲ ਰਹੀ ਹੈ।
ਨੇੜੇ ਤੇੜੇ ਦੇ ਤਿੰਨ ਪਿੰਡ ਵਾਸੀਆਂ ਨੂੰ ਡਰ ਹੈ ਕਿ ਜਿਵੇਂ ਹੀ ਇਹ ਫੈਕਟਰੀ ਵਿੱਚ ਗੈਸ ਬਣਨੀ ਸ਼ੁਰੂ ਹੋ ਗਈ ਤਾਂ ਉਨ੍ਹਾਂ ਦਾ ਇਨ੍ਹਾਂ ਪਿੰਡਾਂ ਵਿੱਚ ਰਹਿਣਾ ਮੁਨਾਸਿਬ ਨਹੀਂ ਹੋਵੇਗਾ, ਕਿਉਂਕਿ ਗੈਸ ਖ਼ਤਰਨਾਕ ਹੈ। ਇਸ ਤੋਂ ਇਲਾਵਾ, ਇਲਾਕੇ ਵਿੱਚ ਪ੍ਰਦੂਸ਼ਣ ਦਾ ਪੱਧਰ ਇਨ੍ਹਾਂ ਵੱਧ ਜਾਵੇਗਾ ਕਿ ਸਿਰਫ਼ ਖੁਦ ਹੀ ਨਹੀਂ, ਸਗੋਂ ਉਨ੍ਹਾਂ ਦੀ ਆਉਣ ਵਾਲੀ ਪੀੜੀਆਂ ਵੀ ਪ੍ਰਦੂਸ਼ਣ ਤੋਂ ਪੀੜਿਤ ਹੋ ਜਾਣਗੀਆਂ। ਧਰਤੀ ਹੇਠਲਾਂ ਪਾਣੀ ਖਰਾਬ ਹੋ ਜਾਵੇਗਾ, ਇਥੋਂ ਤੱਕ ਕਿ ਜ਼ਹਿਰੀਲਾ ਧੂੰਆਂ ਉਨ੍ਹਾਂ ਦੇ ਫੇਫੜਿਆਂ ਨੂੰ ਖਰਾਬ ਕਰ ਦੇਵੇਗਾ। ਪਿੰਡ ਵਾਸੀ ਇਸ ਫੈਕਟਰੀ ਦੇ ਖਿਲਾਫ ਹਨ ਅਤੇ ਇੱਕ ਨਹੀਂ ਸਗੋਂ ਤਿੰਨ ਪਿੰਡਾਂ ਦੇ ਲੋਕ ਇਸ ਫੈਕਟਰੀ ਦਾ ਲਗਾਤਾਰ ਵਿਰੋਧ ਕਰ ਰਹੇ।
ਕੀ ਹੈ ਇਹ ਪ੍ਰੋਜੈਕਟ: ਪਿੰਡ ਦੇ ਲੋਕਾਂ ਨੇ ਦੱਸਿਆ ਕਿ ਦਰਅਸਲ ਉਨ੍ਹਾਂ ਦੇ ਪਿੰਡ ਦੇ ਹੀ ਇੱਕ ਸ਼ਖਸ ਵੱਲੋਂ ਇਹ ਫੈਕਟਰੀ ਸ਼ੁਰੂ ਕੀਤੀ ਜਾ ਰਹੀ ਹੈ। ਉਹ ਪਹਿਲਾਂ ਦਿੱਲੀ ਰਹਿੰਦਾ ਸੀ ਅਤੇ ਉੱਥੇ ਹੀ ਨੌਕਰੀ ਕਰਦਾ ਸੀ, ਪਰ ਉਸ ਨੇ ਫਿਰ ਇੱਕ ਨਵਾਂ ਪ੍ਰੋਜੈਕਟ ਲਿਆ ਕੇ ਪਿੰਡ ਵਿੱਚ ਫੈਕਟਰੀ ਲਾਉਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦੋ ਸਾਲ ਤੋਂ ਫੈਕਟਰੀ ਦਾ ਕੰਮ ਚੱਲ ਰਿਹਾ ਹੈ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਫੈਕਟਰੀ ਗੈਸ ਤਿਆਰ ਕਰੇਗੀ, ਤਾਂ ਉਨ੍ਹਾਂ ਨੇ ਅਜਿਹੇ ਪਿੰਡਾਂ ਦਾ ਦੌਰਾ ਕੀਤਾ, ਜਿੱਥੇ ਪਹਿਲਾਂ ਹੀ ਅਜਿਹੀ ਫੈਕਟਰੀ ਲੱਗੀ ਹੈ, ਜਿਨ੍ਹਾਂ ਵਿੱਚ ਘੁੰਗਰਾਲੀ ਰਾਜਪੂਤਾਂ ਪਿੰਡ ਵਿੱਚ ਵੀ ਸ਼ਾਮਿਲ ਹੈ, ਪਰ ਉਸ ਪਿੰਡ ਦੇ ਲੋਕ ਹੁਣ ਇੰਨੇ ਜਿਆਦਾ ਪਰੇਸ਼ਾਨ ਹਨ ਕਿ ਆਪਣੇ ਫੈਸਲੇ ਉੱਤੇ ਪਛਤਾ ਰਹੇ ਹਨ।
ਪਿੰਡ ਦੇ ਲੋਕਾਂ ਨੇ ਕਿਹਾ ਕਿ ਸਰਪੰਚ ਦੇ ਨਾਲ ਹੁਣ ਸਾਰੇ ਹੀ ਇਸ ਫੈਕਟਰੀ ਦਾ ਲਗਾਤਾਰ ਵਿਰੋਧ ਕਰ ਰਹੇ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਫੈਕਟਰੀ ਫੈਕਟਰੀਆਂ ਵਾਲੀ ਥਾਂ ਉੱਤੇ ਬਣਨੀ ਚਾਹੀਦੀ ਹੈ ਨਾ ਕਿ ਪਿੰਡ ਦੇ ਵਿਚਾਲੇ ਉਨ੍ਹਾਂ ਨੇ ਕਿਹਾ ਕਿ ਸਾਡੀ ਗ੍ਰੀਨ ਬੈਲਟ ਹੈ, ਇਹ ਖੇਤੀਬਾੜੀ ਯੋਗ ਜ਼ਮੀਨ ਹੈ। ਇਸ ਥਾਂ ਉੱਤੇ ਫੈਕਟਰੀ ਬਣਨਾ ਗੈਰ ਕਾਨੂੰਨੀ ਹੈ, ਕਿਉਂਕਿ ਅਸੀਂ ਖੇਤੀਬਾੜੀ ਕਰਦੇ ਹਾਂ ਅਤੇ ਫੈਕਟਰੀ ਉਸ ਥਾਂ ਉੱਤੇ ਲੱਗਣੀ ਚਾਹੀਦੀ ਹੈ ਜਿੱਥੇ ਪਹਿਲਾਂ ਹੀ ਫੈਕਟਰੀਆਂ ਹੋਣ ਜਿੱਥੇ ਫੋਕਲ ਪੁਆਇੰਟ ਬਣੇ ਹੋਣ।
ਫੈਕਟਰੀ ਲੱਗਣ ਤੋਂ ਬਾਅਦ ਕੀ ਨੁਕਸਾਨ: ਪਿੰਡ ਵਾਸੀਆਂ ਨੇ ਕਿਹਾ ਕਿ ਅਸੀਂ ਪਹਿਲਾਂ ਇਸ ਦੇ ਮਾਡਲ ਚੈੱਕ ਕੀਤੇ ਹਨ, ਜਿੱਥੇ ਇਹ ਫੈਕਟਰੀਆਂ ਲੱਗੀਆਂ ਹਨ ਉੱਥੇ ਦੋਹਰੇ ਕੀਤੇ ਹਨ। ਉੱਥੇ ਦੇ ਪਿੰਡਾਂ ਦੇ ਲੋਕ ਬਿਮਾਰੀਆਂ ਤੋਂ ਪੀੜਿਤ ਹੋਣਾ ਸ਼ੁਰੂ ਹੋ ਗਏ ਹਨ, ਕਿਉਂਕਿ ਇਸ ਫੈਕਟਰੀ ਵਿੱਚ ਜ਼ਿਆਦਾਤਰ ਵੈਸਟ ਮਟੀਰੀਅਲ ਦੀ ਵਰਤੋਂ ਕੀਤੀ ਜਾਂਦੀ ਹੈ, ਉਸ ਨੂੰ ਬੋਇਲਰਾਂ ਵਿੱਚ ਜਲਾ ਕੇ ਉਸ ਤੋਂ ਗੈਸ ਬਣਾਈ ਜਾਂਦੀ ਹੈ ਅਤੇ ਜਦੋਂ ਉਹ ਬੋਇਲਰਾਂ ਦੇ ਵਿੱਚ ਉਬਾਲੇ ਜਾਂਦੇ ਹਨ ਤਾਂ ਨਾ ਸਿਰਫ ਉਸ ਤੋਂ ਨਿਕਲਣ ਵਾਲਾ ਗੰਦਾ ਪਾਣੀ ਧਰਤੀ ਨੂੰ ਪ੍ਰਦੂਸ਼ਿਤ ਕਰਦਾ ਹੈ, ਸਗੋਂ ਉਸ ਤੋਂ ਨਿਕਲਣ ਵਾਲਾ ਜ਼ਹਿਰੀਲਾ ਧੂੰਆਂ ਵੀ ਸਾਡੇ ਚੁਗਿਰਦੇ ਨੂੰ ਖਰਾਬ ਕਰਦਾ ਹੈ।
ਉਨ੍ਹਾਂ ਨੇ ਕਿਹਾ ਕਿ ਅਸੀਂ ਨੇੜੇ ਤੇੜੇ ਖੇਤਾਂ ਵਿੱਚ ਖੇਤੀ ਕਰਦੇ ਹਾਂ, ਸਾਡੇ ਘਰ ਉਸ ਫੈਕਟਰੀ ਤੋਂ 200 ਤੋਂ 300 ਮੀਟਰ ਦੇ ਦੂਰੀ ਉੱਤੇ ਹਨ। ਅਜਿਹੇ ਵਿੱਚ ਇਸ ਦਾ ਸਿੱਧਾ ਪ੍ਰਭਾਵ ਸਾਡੇ ਉੱਤੇ ਹੋ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਕੋਈ ਵੀ ਅਣਸੁਖਾਵੀਂ ਘਟਨਾ ਵਾਪਰ ਜਾਂਦੀ ਹੈ, ਕੋਈ ਗੈਸ ਲੀਕ ਹੋ ਜਾਂਦੀ ਹੈ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਕੋਈ ਅਗਜਨੀ ਦੀ ਘਟਨਾ ਹੋ ਜਾਂਦੀ ਹੈ, ਤਾਂ ਸਾਡੀ ਜਾਨ ਮਾਲ ਦਾ ਜਿੰਮੇਵਾਰ ਕੌਣ ਹੋਵੇਗਾ? ਇਸ ਸਬੰਧੀ ਵੀ ਕੋਈ ਵੀ ਆਪਣੀ ਜਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਹੈ।
ਪਿੰਡ ਦੇ ਮੋਹਤਵਾਰ ਲੋਕਾਂ ਨੂੰ ਦੱਸਿਆ ਕਿ ਲਗਾਤਾਰ ਵਿਰੋਧ ਕਰਨ ਦੇ ਬਾਵਜੂਦ ਵੀ ਫੈਕਟਰੀ ਦਾ ਉਸਾਰੀ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕੰਮ ਇਸੇ ਤਰ੍ਹਾਂ ਚੱਲਦਾ ਰਿਹਾ ਅਤੇ ਫੈਕਟਰੀ ਬਣ ਕੇ ਤਿਆਰ ਹੋ ਗਈ ਤਾਂ ਫਿਰ ਉਨ੍ਹਾਂ ਨੂੰ ਆਪਣੇ ਪਿੰਡ ਵੇਚਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਸੇ ਕਾਰਨ ਨਾ ਸਿਰਫ ਉਨ੍ਹਾਂ ਨੇ ਸਗੋਂ ਤਿੰਨ ਪਿੰਡ ਜਿਨ੍ਹਾਂ ਵਿੱਚ ਮੁਸ਼ਕਾਬਾਦ, ਖੀਰਨੀਆਂ ਅਤੇ ਟੱਪਰੀਆਂ ਸ਼ਾਮਿਲ ਹਨ, ਉਨ੍ਹਾਂ ਵੱਲੋਂ ਘਰਾਂ ਦੇ ਬਾਹਰ ਆਪਣੇ ਪਿੰਡ ਵਿਕਾਊ ਹੋਣ ਤੇ ਪੋਸਟਰ ਲਗਾਏ ਹਨ। ਉਨ੍ਹਾਂ ਨੇ ਦੱਸਿਆ ਕਿ ਹੋਲੇ ਮਹੱਲੇ ਦੇ ਦੌਰਾਨ ਪਿੰਡ ਦੇ ਵੱਲੋਂ ਲੰਗਰ ਲਗਾਇਆ ਗਿਆ ਇਕ ਚਮਕੌਰ ਸਾਹਿਬ ਮੁੱਖ ਮਾਰਗ ਉੱਤੇ ਉਨ੍ਹਾਂ ਵੱਲੋਂ ਆਪਣੇ ਲੰਗਰ ਦੇ ਬਾਹਰ ਵੀ ਇਹ ਬੈਨਰ ਲਗਾਏ ਗਏ ਹਨ ਕਿ ਉਨ੍ਹਾਂ ਦਾ ਪਿੰਡ ਵਿਕਾਊ ਹੈ।
ਪਿੰਡ ਵਾਸੀ ਪਲਾਇਨ ਜਾਂ ਮੋਰਚੇ ਲਾਉਣ ਦੀ ਤਿਆਰੀ ਵਿੱਚ: ਪਿੰਡ ਵਾਸੀਆਂ ਨੇ ਕਿਹਾ ਕਿ ਜਦੋਂ ਪਿੰਡ ਰਹਿਣ ਲਾਇਕ ਹੀ ਨਹੀਂ ਬਚੇਗਾ ਤਾਂ ਉਹ ਪਿੰਡ ਵਿੱਚ ਰਹਿ ਕੇ ਕੀ ਕਰਨਗੇ। ਉਨ੍ਹਾਂ ਦੀਆਂ ਜਮੀਨਾਂ ਖੇਤੀ ਲਾਇਕ ਨਹੀਂ ਬਚਣਗੀਆਂ, ਤਾਂ ਖੇਤੀ ਨਹੀਂ ਹੋਵੇਗੀ ਤਾਂ ਉਹ ਆਪਣੇ ਘਰ ਦੇ ਖਰਚੇ ਕਿਵੇਂ ਚਲਾਉਣਗੇ। ਜਦੋਂ ਬਿਮਾਰੀਆਂ ਫੈਲਣਗੀਆਂ ਤਾਂ ਉਨ੍ਹਾਂ ਦਾ ਇੱਥੇ ਰਹਿਣਾ ਮੁਨਾਸਿਬ ਨਹੀਂ ਹੋਵੇਗਾ ਜਿਸ ਕਰਕੇ ਉਨ੍ਹਾਂ ਨੇ ਆਪਣੇ ਪਿੰਡ ਵੇਚਣ ਦਾ ਫੈਸਲਾ ਲਿਆ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਇਸ ਦਾ ਹੱਲ ਨਹੀਂ ਕੀਤਾ ਗਿਆ ਤਾਂ ਉਹ ਫਿਰ ਪੱਕਾ ਮੋਰਚਾ ਲਗਾ ਕੇ ਬੈਠ ਜਾਣਗੇ ਜਿਸ ਤਰ੍ਹਾਂ ਜ਼ੀਰਾ ਫੈਕਟਰੀ ਦੇ ਖਿਲਾਫ ਨੇੜੇ ਤੇੜੇ ਦੇ ਲੋਕਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ ਉਸੇ ਤਰ੍ਹਾਂ ਅਸੀਂ ਵੀ ਕਿ ਤੌਰ ਉੱਤੇ ਤਿੰਨ ਤੋਂ ਚਾਰ ਪਿੰਡ ਇਕੱਠੇ ਹੋ ਕੇ ਪੱਕੇ ਮੋਰਚੇ ਲਗਾ ਕੇ ਬੈਠ ਜਾਣਗੇ। ਉਨ੍ਹਾਂ ਕਿਹਾ ਕਿ ਸ਼ਾਇਦ ਉਦੋਂ ਸਰਕਾਰ ਤੱਕ ਇਹ ਗੱਲ ਪਹੁੰਚੇਗੀ ਅਤੇ ਸਰਕਾਰ ਇਸ ਫੈਕਟਰੀ ਅਤੇ ਫੈਕਟਰੀ ਦੇ ਮਾਲਕ ਉੱਤੇ ਕੋਈ ਐਕਸ਼ਨ ਲਵੇਗੀ।
ਹਾਲਾਂਕਿ, ਜਦੋਂ ਇਸ ਸਬੰਧੀ ਫੈਕਟਰੀ ਦੇ ਮਾਲਿਕ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਉਹ ਪਿੰਡ ਤੋਂ ਬਾਹਰ ਹੀ ਰਹਿੰਦਾ ਹੈ ਅਤੇ ਪਿੰਡ ਦੇ ਵਿੱਚ ਕਦੇ ਕਦੇ ਹੀ ਆਉਂਦਾ ਹੈ। ਉਸ ਦਾ ਪਤਾ ਨਹੀਂ ਲੱਗਦਾ, ਨਾ ਹੀ ਫੈਕਟਰੀ ਵਿੱਚ ਕੋਈ ਸ਼ਖਸ ਮੌਜੂਦ ਸੀ।