ਪਠਾਨਕੋਟ: ਪੰਜਾਬ ਵਿੱਚ ਲੰਘੀਆਂ ਸਰਕਾਰਾਂ ਵਲੋਂ ਤੇ ਮੌਜੂਦ ਸਰਕਾਰ ਵਲੋਂ ਸੂਬੇ ਵਿੱਚ ਵਿਕਾਸ ਕਾਰਜਾਂ ਦੇ ਦਾਅਵੇ ਕੀਤੇ ਜਾਂਦੇ ਰਹੇ ਨੇ ਅਤੇ ਹੁਣ ਆਪ ਸਰਕਾਰ ਵਲੋਂ ਆਏ ਦਿਨ ਕਰੋੜਾਂ ਦੇ ਵਿਕਾਸ ਕਾਰਜਾਂ ਦੇ ਪ੍ਰੋਜੈਕਟਾਂ ਵਾਲੇ ਨੀਂਹ ਪੱਥਰ ਰੱਖੇ ਜਾਂਦੇ ਹਨ। ਉੱਥੇ ਹੀ ਪੰਜਾਬ ਦੇ ਉਸ ਪਿੰਡ ਦੀ ਤਸਵੀਰ ਦਿਖਾਉਣ ਜਾ ਰਹੇ ਹਾਂ, ਜਿਸ ਨੂੰ ਦੇਖ ਕੇ ਇੰਝ ਲੱਗ ਰਿਹਾ ਕਿ ਇਹ ਪਿੰਡ ਸਰਕਾਰ ਦੇ ਧਿਆਨ ਵਿੱਚ ਹੈ ਹੀ ਨਹੀਂ, ਜਿੱਥੇ ਲੋਕ ਲੰਮੇ ਸਮੇਂ ਤੋਂ ਅੱਜ ਵੀ ਮੁੱਢਲੀਆਂ ਸਹੂਲਤਾਂ ਲਈ ਵੀ ਤਰਸ ਰਹੇ ਹਨ। ਹੁਣ ਪਿੰਡ-ਪਿੰਡ ਵਿੱਚ ਪੰਚਾਇਤੀ ਚੋਣਾਂ ਦਾ ਡੰਕਾ ਵੱਜਿਆ ਹੋਇਆ ਹੈ ਜਿਸ ਨੂੰ ਲੈ ਕੇ ਪਿੰਡ ਵਾਸੀਆਂ ਨੇ ਵੀ ਅਹਿਮ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਹਨ।
ਕਰੀਬ 50 ਸਾਲ ਬਾਅਦ ਵੀ ਗਲੀਆਂ-ਨਾਲੀਆਂ ਪੱਕੀਆਂ ਨਹੀਂ
ਜ਼ਿਲ੍ਹਾ ਪਠਾਨਕੋਟ ਦਾ ਪਿੰਡ ਲਾਹੜੀ ਮੇਘਾਂ, ਜੋ ਕਿ ਸੰਨ 1975 ਦੇ ਬਾਅਦ ਤੋਂ ਹੀ ਵਿਕਾਸ ਦੀ ਉਡੀਕ ਵਿੱਚ ਹੈ, ਜਿੱਥੋਂ ਲੋਕ ਗਲੀਆਂ ਨਾਲੀਆਂ ਪੱਕੀਆਂ ਕਰਵਾਉਣ ਲਈ ਜਦੋ ਜਹਿਦ ਕਰਦੇ ਆ ਰਹੇ ਹਨ। ਪਰ, ਕਿਸੇ ਨੇ ਵੀ ਇਨ੍ਹਾਂ ਵੱਲ ਧਿਆਨ ਨਹੀਂ ਦਿੱਤਾ। ਜਿਸ ਦੇ ਚੱਲਦੇ ਇਸ ਪਿੰਡ ਦੇ ਲੋਕਾਂ ਵੱਲੋਂ ਹੁਣ ਹੋਣ ਵਾਲੀਆਂ ਪੰਚਾਇਤੀ ਚੋਣਾਂ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ।
ਪੰਚਾਇਤੀ ਚੋਣਾਂ ਦਾ ਬਾਈਕਾਟ
ਇਸ ਸਬੰਧੀ ਜਦ ਪਿੰਡ ਦੇ ਲੋਕਾਂ ਨਾਲ ਗੱਲ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ ਇਸ ਇਲਕੇ ਦੀਆਂ 3 ਪੰਚਾਇਤਾਂ ਇਕੱਠੀਆਂ ਕਰਕੇ ਇਕ ਪੰਚਾਇਤ ਬਣਾਈ ਗਈ ਸੀ, ਤਾਂ ਜੋ ਪਿੰਡ ਦਾ ਵਿਕਾਸ ਵਧੀਆ ਤਰੀਕੇ ਨਾਲ ਹੋ ਸਕੇ, ਪਰ ਆਜ਼ਾਦੀ ਦੇ ਕਈ ਸਾਲਾਂ ਬਾਅਦ ਵੀ ਅਸੀਂ ਆਪਣੇ ਆਪ ਨੂੰ ਗੁਲਾਮ ਹੀ ਸਮਝ ਰਹੇ ਹਾਂ। ਪਿੰਡ ਵਿਖੇ ਪਿਛਲੇ ਲੰਬੇ ਸਮੇਂ ਤੋਂ ਕੋਈ ਵੀ ਵਿਕਾਸ ਕਾਰਜ ਨਹੀਂ ਹੋਇਆ ਹੈ ਜਿਸ ਵਜਾਂ ਨਾਲ ਗਲੀਆਂ ਨਾਲੀਆਂ ਸਿਰਫ ਕਹਿਣ ਨੂੰ ਹੀ ਗਲੀਆਂ ਨਾਲੀਆਂ ਹਨ।
ਲੋਕਾਂ ਨੇ ਕਿਹਾ ਕਿ ਹਰ ਵਾਰ ਇਸੇ ਆਸ ਵਿੱਚ ਵੋਟ ਪਾਉਂਦੇ ਹਾਂ ਕਿ ਸ਼ਾਇਦ ਇਸ ਵਾਰ ਉਨ੍ਹਾਂ ਦੇ ਪਿੰਡ ਦੀ ਸੁਣੀ ਜਾਵੇਗੀ, ਪਰ ਅਜਿਹਾ ਕੁਝ ਨਹੀਂ ਹੁੰਦਾ। ਇਸ ਲਈ ਇਸ ਵਾਰ ਉਨ੍ਹਾਂ ਨੇ ਸੋਚਿਆ ਹੈ ਕਿ ਪੰਚਾਇਤੀ ਚੋਣਾਂ ਦਾ ਬਾਈਕਾਟ ਕੀਤਾ ਜਾਵੇਗਾ, ਤਾਂ ਜੋ ਸਿਆਸਤਦਾਨਾਂ ਨੂੰ ਵੀ ਸਮਝ ਲਗ ਸਕੇ ਕਿ ਜੇਕਰ ਕੰਮ ਨਹੀਂ, ਤਾਂ ਵੋਟ ਨਹੀਂ।