ਬਰਨਾਲਾ : ਲੋਕ ਸਭਾ ਚੋਣਾ ਦੇ ਮੱਦੇਨਜ਼ਰ ਪੰਜਾਬ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਲਗਾਤਾਰ ਚੌਕਸੀ ਵਰਤੀ ਜਾ ਰਹੀ ਹੈ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸ਼ਨ ਅਤੇ ਬੀਐਸਐਫ਼ ਦੇ ਜਵਾਨ ਪੂਰੀ ਤਰ੍ਹਾਂ ਨਾਲ ਡਿਊਟੀ 'ਤੇ ਸਰਗਰਮ ਹੋ ਗਏ ਹਨ। ਇਸ ਤਹਿਤ ਬਰਨਾਲਾ ਵਿੱਚ ਚੋਣਾਂ ਦੇ ਮੱਦੇਨਜ਼ਰ ਪੁਲਿਸ ਅਤੇ ਬੀਐਸਐਫ਼ ਨੇ ਮਿਲ ਕੇ ਬਰਨਾਲਾ ਵਿਧਾਨ ਸਭਾ ਹਲਕੇ ਵਿੱਚ ਫ਼ਲੈਗ ਮਾਰਚ ਕੱਢਿਆ। ਪ੍ਰਸ਼ਾਸਨ ਵੱਲੋਂ ਚੋਣ ਪ੍ਰਕਿਰਿਆ ਪੂਰੀ ਅਮਨ ਸ਼ਾਂਤੀ ਨਾਲ ਨੇਪਰੇ ਚੜਾਉਣ ਦੇ ਦਾਅਵੇ ਵੀ ਕੀਤੇ ਜਾ ਰਹੇ ਹਨ। ਜਿਸ ਤਹਿਤ ਪੁਲਿਸ ਅਧਿਕਾਰੀਆਂ ਨੇ ਅਸਲਾ ਧਾਰਕਾਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚਲਣ ਅਤੇ ਸਮੇਂ ਸਿਰ ਅਸਲਾ ਜਮ੍ਹਾ ਕਰਵਾਉਣ ਦੀ ਹਦਾਇਤ ਵੀ ਜਾਰੀ ਕੀਤੀ ਹੈ।
ਲੋਕਾਂ ਨੂੰ ਕੀਤਾ ਜਾ ਰਿਹਾ ਜਾਗਰੁਕ: ਇਸ ਮੌਕੇ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਡੀਐਸਪੀ ਤਪਾ, ਮਾਨਵਜੀਤ ਸਿੰਘ ਨੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰੇ, ਇਸ ਲਈ ਬਰਨਾਲਾ ਜ਼ਿਲ੍ਹੇ ਦੇ ਐਸਐਸਪੀ ਸੰਦੀਪ ਕੁਮਾਰ ਮਲਿਕ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਲੋਕਾਂ ਦੇ ਦਿਲ ਵਿੱਚੋਂ ਡਰ ਕੱਢਣ ਲਈ ਪੁਲਿਸ ਦੁਆਰਾ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ। ਨਾਲ ਹੀ ਉਹਨਾਂ ਕਿਹਾ ਕਿ ਚੋਣਾਂ ਸ਼ਾਂਤਮਈ ਤਰੀਕੇ ਨਾਲ ਕਰਵਾਈਆਂ ਜਾ ਸਕਣ ਅਤੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਈ ਜਾ ਸਕੇ ਇਸ ਤਹਿਤ ਲੋਕਾਂ ਨੂੰ ਅਪੀਲ ਕੀਤੀ ਹੈ। ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਤੁਹਾਨੂੰ ਕੋਈ ਵੀ ਸ਼ਰਾਰਤੀ ਅਨਸਰ ਦਿਖਾਈ ਦਿੰਦਾ ਹੈ ਜਾਂ ਕੋਈ ਲਾਵਾਰਿਸ ਵਸਤੂ ਪਈ ਦਿਖਦੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੁਲਿਸ ਦਾ ਸਹਿਯੋਗ ਕਰੋ ਤਾਂ ਜੋ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖੀ ਜਾ ਸਕੇ।
ਵੱਖ-ਵੱਖ ਥਾਵਾਂ 'ਤੇ ਕਢਿਆ ਗਿਆ ਫਲੈਗ ਮਾਰਚ: ਲੋਕਾਂ ਦੇ ਸਹਿਯੋਗ ਨਾਲ ਹੀ ਸ਼ਰਾਰਤੀ ਤੱਤਾਂ ਨੂੰ ਨੱਥ ਪਾਈ ਜਾ ਸਕਦੀ ਹੈ, ਉਹਨਾਂ ਕਿਹਾ ਕਿ ਅੱਜ ਤਪਾ ਡਿਵੀਜ਼ਨ ਦੇ ਚਾਰੋਂ ਐਸਐਚਓ ਅਤੇ ਪੂਰੀ ਪੁਲਿਸ ਫੋਰਸ ਨੂੰ ਨਾਲ ਲੈ ਕੇ ਤਪਾ ਤੋਂ ਪਿੰਡਾਂ ਵਿੱਚ ਦੀ ਹੁੰਦੇ ਹੋਏ ਭਦੌੜ ਅਤੇ ਸ਼ਹਿਣਾ ਅਤੇ ਪੱਖੋ ਕੈਂਚੀਆਂ ਹੁੰਦੇ ਹੋਏ ਤਪਾ ਤੋਂ ਧੌਲਾ ਵਾਲੇ ਪਾਸੇ ਨੂੰ ਫਲੈਗ ਮਾਰਚ ਕੱਢਿਆ ਗਿਆ ਹੈ। ਉਹਨਾਂ ਚੋਣਾਂ ਦੌਰਾਨ ਅਸਲਾ ਨਾ ਜਮਾ ਕਰਵਾਉਣ ਵਾਲਿਆਂ ਨੂੰ ਵੀ ਅਪੀਲ ਕੀਤੀ ਕਿ ਸਮਾਂ ਰਹਿੰਦੇ ਹੀ ਅਸਲਾ ਧਾਰਕਾਂ ਵੱਲੋਂ ਅਸਲਾ ਗੰਨ ਹਾਊਸ ਜਾਂ ਥਾਣੇ ਵਿੱਚ ਜਮਾ ਕਰਵਾਇਆ ਜਾਵੇ ਤਾਂ ਜੋ ਕਿਸੇ ਵੀ ਕਾਨੂੰਨੀ ਕਾਰਵਾਈ ਤੋਂ ਬਚਿਆ ਜਾ ਸਕੇ ਅਤੇ ਪੁਲਿਸ ਨੂੰ ਸਖਤ ਐਕਸ਼ਨ ਨਾ ਲੈਣਾ ਪਵੇ।
ਜ਼ਿਕਰਯੋਗ ਹੈ ਕਿ ਬਰਨਾਲਾ ਪੁਲਿਸ ਵੱਲੋਂ 31 ਮਾਰਚ ਨੂੰ ਚਾਰੇ ਥਾਣਿਆਂ ਦੇ ਵਿੱਚ 13 ਮੁਕਦਮੇ ਦਰਜ ਕੀਤੇ ਗਏ ਹਨ ਜਿਸ ਵਿੱਚ 11 ਐਕਸਾਈਜ਼ ਨਾਲ ਸਬੰਧਿਤ ਹਨ, ਜਿਸ ਵਿੱਚ ਪੁਲਿਸ ਵੱਲੋਂ 220 ਬੋਤਲਾਂ ਸ਼ਰਾਬ ਦੀਆਂ ਫੜੀਆਂ ਗਈਆਂ ਅਤੇ 250 ਗ੍ਰਾਮ ਅਫੀਮ ਅਤੇ ਪੰਜ ਲੱਖ ਰੁਪਏ ਜ਼ਬਤ ਕਰ ਕੇਸ ਵੀ ਦਰਜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਮੁਸਤੈਦੀ ਨਾਲ ਲੋਕਾਂ ਨੂੰ ਸੁਰੱਖਿਆ ਮੁਹਈਆ ਕਰਵਾਈ ਜਾ ਰਹੀ ਹੈ।