ਫਾਜ਼ਿਲਕਾ: ਸਰਕਾਰੀ ਵਿਭਾਗਾਂ ਵਿੱਚੋ ਰਿਸ਼ਵਤ ਖੋਰੀ ਖਤਮ ਕਰਨ ਲਈ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਪਰ ਫਿਰ ਵੀ ਦੇਸ਼ ਦੀ ਆਜ਼ਾਦੀ ਦੇ 76 ਸਾਲ ਬੀਤ ਜਾਣ ਦੇ ਬਾਵਜੂਦ ਵੀ ਦੇਸ਼ ਵਿੱਚੋਂ ਭ੍ਰਿਸ਼ਟਾਚਾਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਆਏ ਦਿਨ ਲੋਕਾਂ ਨੂੰ ਆਪਣੇ ਸਰਕਾਰੀ ਕੰਮਕਾਜ ਕਰਵਾਉਣ ਲਈ ਭ੍ਰਿਸ਼ਟਾਚਾਰ ਦੀ ਬਲੀ ਚੜਣਾ ਪੈ ਰਿਹਾ ਹੈ।
ਪਟਵਾਰੀ ਰਿਸ਼ਵਤ ਲੈਂਦਾ ਕੀਤਾ ਕਾਬੂ: ਇਸੇ ਤਰ੍ਹਾਂ ਦਾ ਇੱਕ ਮਾਮਲਾ ਫਾਜ਼ਿਲਕਾ ਵਿੱਚ ਸਾਹਮਣੇ ਆਇਆ ਹੈ, ਜਿੱਥੇ ਜ਼ਿਲ੍ਹਾ ਫਾਜਲਕਾ ਦੀ ਤਹਿਸੀਲ ਅਬੋਹਰ ਦੇ ਇੱਕ ਨਿਵਾਸੀ ਵੱਲੋਂ ਆਪਣੇ ਪਲਾਟ ਦਾ ਇੰਤਕਾਲ ਕਰਵਾਉਣ ਲਈ ਪਟਵਾਰੀ ਕੋਲ ਪਹੁੰਚ ਕੀਤੀ ਗਈ ਤਾਂ ਪਟਵਾਰੀ ਵੱਲੋਂ 5000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਗਈ। ਜਿਸ ਦੀ ਸ਼ਿਕਾਇਤ ਪੀੜਤ ਵਿਅਕਤੀ ਵੱਲੋਂ ਵਿਜੀਲੈਂਸ ਵਿਭਾਗ ਫਾਜ਼ਿਲਕਾ ਨੂੰ ਕੀਤੀ ਗਈ। ਜਿਸ 'ਤੇ ਵਿਜੀਲੈਂਸ ਵਿਭਾਗ ਵੱਲੋਂ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਜਦੋਂ ਪਟਵਾਰਖਾਨੇ ਅਬੋਹਰ ਵਿੱਚ ਟਰੈਪ ਲਗਾਇਆ ਤਾਂ ਪਟਵਾਰੀ ਪਿਆਰਾ ਸਿੰਘ ਨੂੰ 5000 ਰੁਪਏ ਰਿਸ਼ਵਤ ਦੀ ਪਹਿਲੀ ਕਿਸ਼ਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਗਿਆ।
ਪਲਾਟ ਦੇ ਇੰਤਕਾਲ ਬਦਲੇ ਮੰਗੀ ਰਿਸ਼ਵਤ: ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਵਿਭਾਗ ਦੇ ਡੀਐਸਪੀ ਗੁਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਅਬੋਹਰ ਨਿਵਾਸੀ ਰਾਹੁਲ ਸਚਦੇਵਾ ਵੱਲੋਂ ਉਹਨਾਂ ਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਉਸ ਦੇ ਪਲਾਟ ਦਾ ਇੰਤਕਾਲ ਕਰਵਾਉਣ ਸਬੰਧੀ ਪਟਵਾਰੀ ਪਿਆਰਾ ਸਿੰਘ ਵੱਲੋਂ ਉਸ ਤੋਂ 5 ਹਜਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ ਹੈ। ਜਿਸ 'ਤੇ ਸ਼ਿਕਾਇਤ ਦੇ ਅਧਾਰ 'ਤੇ ਵਿਜੀਲੈਂਸ ਵਿਭਾਗ ਵੱਲੋਂ ਪਟਵਾਰੀ ਪਿਆਰਾ ਸਿੰਘ ਨੂੰ ਪੰਜ ਹਜ਼ਾਰ ਰੁਪਏ ਜੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ। ਜਿਸ ਉੱਤੇ ਮਾਮਲਾ ਦਰਜ ਕਰਕੇ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਕਾਬੂ ਕੀਤੇ ਗਏ ਪਟਵਾਰੀ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕੀਤਾ ਜਾਏਗਾ।
ਮੇਰੇ ਨਾਲ ਹੋ ਰਿਹਾ ਧੱਕਾ-ਮੁਲਜ਼ਮ ਪਟਵਾਰੀ: ਉੱਥੇ ਹੀ ਕਾਬੂ ਕੀਤੇ ਗਏ ਪਟਵਾਰੀ ਪਿਆਰਾ ਸਿੰਘ ਨੇ ਕਿਹਾ ਕਿ ਸ਼ਿਕਾਇਤਕਰਤਾ ਪਾਰਟੀ ਅੱਜ ਹੀ ਉਹਨਾਂ ਸਾਹਮਣੇ ਆਈ ਹੈ। ਉਨ੍ਹਾਂ ਨੇ ਕਿਹਾ ਕਿ ਉਸ ਨਾਲ ਧੱਕਾ ਕੀਤਾ ਜਾ ਰਿਹਾ ਹੈ।