ਬਰਨਾਲਾ: ਇੱਕ ਪਾਸੇ ਜਿਥੇ ਸੂਬੇ ਦੀ ਮਾਨ ਸਰਕਾਰ ਰਿਸ਼ਵਤਖੋਰਾਂ ਨੂੰ ਨੱਥ ਪਾਉਣ ਲਈ ਦਿਨ ਰਾਤ ਕੰਮ ਕਰ ਰਹੀ ਹੈ ਤਾਂ ਉਥੇ ਹੀ ਦੂਜੇ ਪਾਸੇ ਹਾਲੇ ਵੀ ਕਈ ਰਿਸ਼ਵਤਖੋਰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ। ਇਸ ਦੇ ਚੱਲਦਿਆਂ ਸੂਬੇ ਵਿੱਚ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੇ ਉਦੇਸ਼ ਨਾਲ ਵਿੱਢੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਸੀ.ਆਈ.ਏ. ਬਰਨਾਲਾ ਵਿਖੇ ਤਾਇਨਾਤ ਪੁਲਿਸ ਸਬ-ਇੰਸਪੈਕਟਰ ਮਨਜਿੰਦਰ ਸਿੰਘ ਨੂੰ 15000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਐਫਆਈਆਰ ਦਰਜ ਕਰਨ ਦਾ ਡਰਾਵਾ ਦੇਕੇ ਰਿਸ਼ਵਤ ਮੰਗੀ: ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪੁਲਿਸ ਮੁਲਾਜ਼ਮ ਨੂੰ ਬਰਨਾਲਾ ਸ਼ਹਿਰ ਦੇ ਕਾਰ ਡੀਲਰ ਸਿਮਰਦੀਪ ਸਿੰਘ ਦੀ ਸ਼ਿਕਾਇਤ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਜਾਣਕਾਰੀ ਦਿੱਤੀ ਸੀ ਕਿ ਮੋਗਾ ਸ਼ਹਿਰ ਦੇ ਧਰਮਪਾਲ ਨਾਲ ਸਕਾਰਪੀਓ ਗੱਡੀ ਵੇਚਣ ਨੂੰ ਲੈ ਕੇ ਉਸ ਦਾ ਵਿੱਤੀ ਝਗੜਾ ਚੱਲ ਰਿਹਾ ਹੈ ਅਤੇ ਐਸ.ਆਈ. ਮਨਜਿੰਦਰ ਸਿੰਘ ਦੂਜੀ ਧਿਰ ਨਾਲ ਸਮਝੌਤਾ ਕਰਨ ਲਈ ਉਸ 'ਤੇ ਦਬਾਅ ਪਾ ਰਿਹਾ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਸਮਝੌਤਾ ਨਾ ਕਰਨ ਦੀ ਸੂਰਤ ਵਿੱਚ ਉਸ ਖ਼ਿਲਾਫ਼ ਐਫ.ਆਈ.ਆਰ. ਦਰਜ ਕਰਨ ਦਾ ਡਰਾਵਾ ਦੇ ਕੇ ਉਕਤ ਪੁਲਿਸ ਮੁਲਾਜ਼ਮ ਉਸ ਪਾਸੋਂ 15,000 ਰੁਪਏ ਦੀ ਰਿਸ਼ਵਤ ਵਜੋਂ ਮੰਗ ਕਰ ਰਿਹਾ ਹੈ।
ਵਿਜੀਲੈਂਸ ਵਿਭਾਗ ਨੇ ਕਾਬੂ ਕੀਤਾ ਪੁਲਿਸ ਅਧਿਕਾਰੀ: ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਉਪਰੰਤ ਪਟਿਆਲਾ ਰੇਂਜ ਤੋਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾ ਕੇ ਉਕਤ ਐਸ.ਆਈ. ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 15,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਹੈ। ਇਸ ਸਬੰਧੀ ਉਕਤ ਦੋਸ਼ੀ ਪੁਲਿਸ ਮੁਲਾਜ਼ਮ ਖਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।
- ਲੁਧਿਆਣਾ ਭਾਰਤ ਨਗਰ ਚੌਂਕ ਦੇ ਡਿਜ਼ਾਇਨ ਨੂੰ ਲੈ ਕੇ ਹੋ ਰਹੇ ਵਿਵਾਦ ਨੂੰ ਸੁਲਝਾਉਣ ਪਹੁੰਚੇ ਪੰਜਾਬ ਟਰੈਫਿਕ ਐਡਵਾਈਜ਼ਰ, ਕਿਹਾ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ
- ਵਿੱਤ ਮੰਤਰੀ ਚੀਮਾ ਦਾ ਬਿਆਨ, ਵਿੱਤੀ ਸਾਲ 23-24 ਦੇ 10 ਮਹੀਨਿਆਂ ਦੌਰਾਨ ਪੰਜਾਬ ਦਾ ਮਾਲੀਆ ਹੋਇਆ 30 ਹਜ਼ਾਰ ਕਰੋੜ ਤੋਂ ਪਾਰ
- ਕਿਸਾਨ ਜਥੇਬੰਦੀਆਂ ਵੱਲੋਂ ਸੰਗਰੂਰ ਡੀਸੀ ਦਫਤਰ ਦੇ ਬਾਹਰ ਪੰਜ ਦਿਨਾਂ ਲਈ ਧਰਨਾ ਪ੍ਰਦਰਸ਼ਨ, ਜਾਣੋ ਕਾਰਨ