ਬਰਨਾਲਾ: ਲੋਕ ਸਭਾ ਚੋਣਾਂ ਦੇ ਸੰਪੰਨ ਹੁੰਦਿਆਂ ਹੀ ਮੁੜ ਵੱਖ ਵੱਖ ਵਰਗਾਂ ਅਤੇ ਜੱਥੇਬੰਦੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮੁੜ ਸੰਘਰਸ਼ ਸ਼ੁਰੂ ਕਰ ਦਿੱਤੇ ਹਨ। ਇਸ ਤਹਿਤ ਸਿਹਤ ਵਿਭਾਗ ਵਿੱਚ ਮਲਟੀਪਰਪਜ਼ ਹੈਲਥ ਵਰਕਰਾਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਭਰਨ ਦੀ ਮੰਗ ਕਰਦੇ ਬੇਰੁਜ਼ਗਾਰ ਮਲਟੀ ਪਰਪਜ਼ ਵਰਕਰਾਂ ਨੇ 30 ਜੂਨ ਨੂੰ ਪਟਿਆਲਾ ਵਿਖੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦੀ ਕੋਠੀ ਦੇ ਘਿਰਾਓ ਦਾ ਐਲਾਨ ਕੀਤਾ ਹੈ। ਇਹ ਫ਼ੈਸਲਾ ਅੱਜ ਬਰਨਾਲਾ ਵਿਖੇ ਬੇਰੁਜ਼ਗਾਰ ਮਲਟੀ ਪਰਪਜ਼ ਵਰਕਰ ਯੂਨੀਅਨ ਦੀ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਦੀ ਅਗਵਾਈ ਵਿੱਚ ਮੀਟਿੰਗ ਕਰਨ ਉਪਰੰਤ ਲਿਆ ਗਿਆ।
ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿਹਤ ਅਤੇ ਸਿੱਖਿਆ ਵਿਭਾਗ ਵਿੱਚ ਵਿਸ਼ੇਸ਼ ਸੁਧਾਰਾਂ ਦਾ ਦਾਅਵਾ ਕਰਨ ਤੋਂ ਬਾਅਦ ਸੱਤਾ ਵਿੱਚ ਆਈ ਸੀ। ਲੰਘੀਆ ਲੋਕ ਸਭਾ ਚੋਣਾਂ ਵੀ ਸਿਹਤ ਅਤੇ ਸਿੱਖਿਆਂ ਦੇ ਮੁੱਦਿਆਂ ਉਪਰ ਲੜੀਆਂ ਗਈਆਂ ਹਨ। ਸਰਕਾਰ ਵਲੋਂ ਆਪਣੀ ਦੋ ਸਾਲਾਂ ਦੀ ਸਰਕਾਰ ਦੌਰਾਨ ਸਿਹਤ ਖੇਤਰ ਵਿੱਚ ਵੱਡੇ ਵਿਕਾਸ ਕਰਨ ਦੇ ਦਾਅਵੇ ਵੀ ਕੀਤੇ ਜਾ ਰਹੇ ਹਨ। ਪਰ, ਕਰੀਬ ਸਵਾ ਦੋ ਸਾਲ ਦੇ ਅਰਸੇ ਵਿਚ ਸਿਹਤ ਵਿਭਾਗ ਅੰਦਰ ਹੈਲਥ ਵਰਕਰ ਪੁਰਸ਼ ਦੀ ਇਕ ਵੀ ਅਸਾਮੀ ਨਹੀਂ ਭਰੀ। ਜਦਕਿ ਵਿਭਾਗ ਵਿੱਚ ਹਜ਼ਾਰਾਂ ਅਸਾਮੀਆਂ ਖਾਲੀ ਪਈਆਂ ਹਨ।
ਉੱਧਰ ਹੈਲਥ ਵਰਕਰ ਦਾ ਕੋਰਸ ਸਾਲ 2012 ਤੋਂ ਬੰਦ ਪਿਆ ਹੈ ਅਤੇ ਪਹਿਲਾਂ ਕੋਰਸ ਪਾਸ ਕਰ ਚੁੱਕੇ ਹਜਾਰਾਂ ਬੇਰੁਜ਼ਗਾਰ ਲਗਾਤਾਰ ਓਵਰਏਜ਼ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਬੇਰੁਜ਼ਗਾਰਾਂ ਨੇ 17 ਮਾਰਚ ਅਤੇ 21 ਅਪ੍ਰੈਲ ਨੂੰ ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਸੀ। ਉਸ ਮੌਕੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਜਲਦੀ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਸੀ। ਪਰ, ਅਜੇ ਤੱਕ ਕੋਈ ਵੀ ਮੀਟਿੰਗ ਨਹੀਂ ਕੀਤੀ ਅਤੇ ਨਾ ਹੀ ਕੋਈ ਇਸ਼ਤਿਹਾਰ ਜਾਰੀ ਕੀਤਾ ਹੈ।
ਇਸ ਲਈ ਪੰਜਾਬ ਸਰਕਾਰ ਦੀ ਟਾਲ ਮਟੋਲ ਵਾਲੀ ਨੀਤੀ ਤੋਂ ਬੇਰੁਜ਼ਗਾਰ ਹੈਲਥ ਵਰਕਰ ਅੱਕ ਚੁੱਕੇ ਹਨ। ਜਿਸ ਕਰਕੇ ਹੁਣ ਮੁੜ ਸੰਘਰਸ਼ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ ਜਿਸ ਤਹਿਤ ਸੂਬੇ ਭਰ ਦੇ ਬੇਰੁਜ਼ਗਾਰ ਹੈਲਥ ਵਰਕਰ 30 ਜੂਨ ਨੂੰ ਸਵੇਰੇ 11 ਵਜੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਇਕੱਠੇ ਹੋਕੇ ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ ਕਰਨਗੇ। ਉਨ੍ਹਾਂ ਕਿਹਾ ਕਿ ਹੁਣ ਲੜਾਈ ਆਰ ਤੇ ਪਾਰ ਦੀ ਹੋਵੇਗੀ। ਆਪਣੀਆਂ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਲੜਿਆ ਜਾਵੇਗਾ।